ਗੁਰਬਾਣੀ ਵਿਚ ਆਏ ਤਿੰਨ ਗੁਣ।
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਅੰਗ 920
ਤੀਜੇ ਪਾਤਿਸਾਹ ਸ਼੍ਰੀ ਗੁਰੂ ਅਮਰ ਦਾਸ ਜੀ ਅਨੰਦ ਸਾਹਿਬ ਜੀ ਦੀ ਬਾਣੀ ਵਿਚ ਦੱਸਦੇ ਹਨ ਕਿ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਭ੍ਰਮ ਵਿੱਚ ਸੁੱਤਾ ਪਿਆ ਹੈ ਅਤੇ ਜੀਵਨ ਰੂਪੀ ਰਾਤ ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਉਲਝ ਕੇ ਲੰਘ ਜਾਂਦੀ ਹੈ। ਆਉ ਇਹ ਬਾਣੀ ਵਿਚ ਆਏ ਤਿੰਨ ਗੁਣਾਂ ਬਾਰੇ ਵਿਚਾਰ ਕਰੀਏ। ਇਹ ਕਿਹੜੇ ਤਿੰਨ ਗੁਣ ਹਨ ਜਿੰਨਾਂ ਦੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਗੱਲ ਕੀਤੀ ਹੈ ਜੀ ।
ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ॥
ਚਉਥੇ ਪਦ ਕਉ ਜੋ ਨਰੁ ਚੀਨ੍ਹੈ ਤਿਨ੍ਹ ਹੀ ਪਰਮ ਪਦ ਪਾਇਆ ॥ਅੰਗ 1123
ਭਗਤ ਕਬੀਰ ਜੀ ਦਸਦੇ ਹਨ ਕਿ ਰੱਜ ਗੁਣ , ਤਮ ਗੁਣ ਅਤੇ ਸਤਗੁਣ ਇਹਨਾਂ ਤਿੰਨਾਂ ਗੁਣਾਂ ਵਿਚ ਮਨੁੱਖ ਮਾਇਆ ਦੇ ਪ੍ਰਭਾਵ ਹੇਠ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ ਚਲਾ ਜਾਂਦਾ ਹੈ। ਪਰ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਜੋ ਚਉਥੇ ਪੱਦ ਵਿੱਚ ਪ੍ਰਮਾਤਮਾ ਦਾ ਨਾਮ ਜਪ ਕਿ ਆਪਣੀ ਸੁਰਤ ਨੂੰ ਟਿਕਾ ਲੈਦਾ ਹੈ ਉਹ ਹੀ ਪਰਮ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਗੁਰਬਾਣੀ ਮੁਤਾਬਿਕ ਤਮੋ ਗੁਣੀ , ਰਜੋ ਗੁਣੀ ਅਤੇ ਸਤੋ ਗੁਣੀ ਮਨੁੱਖ ਕਿਹੜੇ ਹਨ ਆਉ ਵਿਚਾਰ ਕਰੀਏ ।
ਤਮੋ ਗੁਣੀ ਸੁਭਾਅ ਵਾਲੇ ਮਨੁੱਖ : ਤਮੋ ਗੁਣੀ ਮਨੁੱਖ ਕੰਮਚੋਰ, ਝੂਠ ਬੋਲਣ ਵਾਲਾ, ਆਲਸੀ, ਈਰਖਾਲੂ ਅਤੇ ਤਾਮਸੀ ਭੋਜਨ ਖਾਣ ਵਾਲਾ ਹੁੰਦਾ ਹੈ। ਇਸ ਦਾ ਨਸ਼ਿਆਂ ਨਾਲ ਪਿਆਰ ਹੁੰਦਾ ਹੈ ਅਤੇ ਹਮੇਸ਼ਾ ਦੁਜਿਆਂ ਤੇ ਗਿੱਲਾ ਕਰੇਗਾ ਅਤੇ ਦੋਸ਼ ਕਢੇਗਾ, ਇੱਥੋਂ ਤੱਕ ਕੇ ਪ੍ਰਮਾਤਮਾ ਨੂੰ ਵੀ ਨਹੀ ਬਖਸ਼ਦਾ ਅਤੇ ਕਹਿੰਦਾ ਹੈ ਪ੍ਰਮਾਤਮਾ ਨੇ ਮੈਨੂੰ ਕੀ ਦਿੱਤਾ ਹੈ। ਇਹੋ ਜਿਹੀ ਬਿਰਤੀ ਵਾਲਾ ਮਨੁੱਖ ਆਪ ਵੀ ਦੁਖੀ ਰਹਿੰਦਾ ਹੈ ਅਤੇ ਆਪਣੇ ਪ੍ਰਵਾਰ ਅਤੇ ਸਮਾਜ ਨੂੰ ਵੀ ਦੁਖੀ ਕਰਦਾ ਹੈ। ਇਸ ਬਾਰੇ ਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਹਨ:
ਸੇਵਾ ਥੋਰੀ ਮਾਗਨੁ ਬਹੁਤਾ ॥ ਮਹਲੁ ਨਾ ਪਾਵੇ ਕਹਿਤੋ ਪਹੁਤਾ ॥ ਅੰਗ 738
ਆਪ ਕੰਮ ਨਹੀ ਕਰਦਾ ਮਿਹਨਤ ਨਹੀ ਕਰਦਾ ਨਾਮ ਨਹੀ ਜੱਪਦਾ ਪਰ ਮੰਗ ਹਮੇਸ਼ਾ ਬਹੁਤੇ ਵਾਸਤੇ ਕਰਦਾ ਹੈ ਪ੍ਰਭੂ ਦੇ ਚਰਣਾ ਵਿਚ ਪਹੁੰਚਣ ਦੀ ਕੋਸ਼ਿਸ਼ ਨਹੀ ਕਰਦਾ ਪਰ ਝੂਠਾ ਦਾਅਵਾ ਕਰਦਾ ਹੈ ਕਿ ਮੈਂ ਪਹੁੰਚ ਚੁੱਕਾ ਹਾਂ । ਆਲਸੀ , ਨਸ਼ੇੜੀ , ਜੁਆਰੀ ਅਤੇ ਵਿਭਚਾਰੀ ਲੋਕ ਇਸ ਸ਼੍ਰੇਣੀ ਵਿਚ ਆਉਂਦੇ ਹਨ ।
ਰੱਜੋ ਗੁਣੀ ਸੁਭਾਅ ਵਾਲਾ ਮਨੁੱਖ : ਰੱਜੋ ਗੁਣੀ ਮਨੁੱਖ ਉਹ ਹੁੰਦਾ ਹੈ ਜੋ ਹਮੇਸ਼ਾ ਧੰਧਿਆ ਵਿੱਚ ਹੀ ਫਸਿਆ ਰਹਿਦਾ ਹੈ। ਸਵੇਰੇ ਚਾਰ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਕੰਮ ਵਿੱਚ ਹੀ ਰੁੱਝਿਆ ਰਹਿੰਦਾ ਹੈ। ਧੰਦੇ ਇਸ ਨੂੰ ਮਨੁੱਖਾਂ ਜਨਮ ਦਾ ਮਨੋਰਥ ਭੁਲਾ ਦਿੰਦੇ ਹਨ ਅਤੇ ਪ੍ਰਮਤਮਾ ਨਾਲੋ ਹਮੇਸ਼ਾ ਟੁੱਟਿਆ ਰਹਿੰਦਾ ਦੂਜੇ ਦਾ ਹੱਕ ਖੋਹਣ ਦੀ ਬਿਰਤੀ ਵਾਲਾ ਹੁੰਦਾ ਹੈ। ਗੁਰੂ ਨਾਨਕ ਜੀ ਦਾ ਇੱਕ ਸਲੋਕ ਹੈ ਜਿਸ ਵਿੱਚ ਰੱਜੋ ਗੁਣੀ ਬਾਰੇ ਕਹਿੰਦੇ ਹਨ:
ਉਦੋਂਸਾਹੇ ਕਿਆ ਨੀਸਾਨੀ ਤੋਟਿ ਨਾ ਆਵੈ ਅੰਨੀ ॥
ਉਦੋਸੀਹ ਘਰੇ ਹੀ ਵੁਠੀ ਕੜਿਈ ਰੰਨੀ ਧੰਮੀ ॥
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥
ਜੋ ਦੇਵੈ ਸੋ ਲੇਵੈ ਨਹੀ ਖਟੇ ਦਮ ਸਹਮੀ ॥ ਅੰਗ 1412
ਗੁਰੂ ਜੀ ਇਸ ਸਲੋਕ ਵਿਚ ਦੱਸਦੇ ਹਨ ਕਿ ਰੱਜੋ ਗੁਣੀ ਮਨੁੱਖ ਸਾਰਾ ਦਿਨ ਸਾਹੋ ਸਾਹੀ ਹੋ ਕਿ ਕੰਮ ਕਰਦਾ ਹੈ। ਇਸ ਨਾਲ ਇਹ ਹੁੰਦਾ ਹੈ ਉਸ ਦੇ ਘਰ ਚਾਰ ਮੱਣ ਦਾਣੇ ਜ਼ਰੂਰ ਦੂਜਿਆਂ ਨਾਲੋ ਵੱਧ ਹੋਣਗੇ ਪਰ ਉਸ ਦੇ ਮਨ ਅਤੇ ਇੰਦਰੀਆਂ ਅੰਦਰ ਧਮੰਚੜ ਮੱਚਿਆ ਰਹਿੰਦਾ ਹੈ। ਉਸ ਦੇ ਅੰਦਰ ਪੰਜ ਗਿਆਨ ਇੰਦਰੇ ਮਨ ਅਤੇ ਬੁੱਧੀ ਸੱਤਾਂ ਰੰਨਾਂ ਦਾ ਝਗੜਾ ਪਿਆ ਹੀ ਰਹਿੰਦਾ ਹੈ ਬਹੁਤ ਸਾਰੀ ਕਮਾਈ ਕਰਕੇ ਵੀ ਅੰਦਰ ਸਹਿਮ ਬਣਿਆ ਹੀ ਰਹਿੰਦਾ ਹੈ। ਲਾਲਚੀ , ਵਿਉਪਾਰੀ ਅਤੇ ਰਾਜਨੀਤਕ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ।
ਸਤੋ ਗੁਣੀ ਸੁਭਾਅ ਵਾਲੇ ਮਨੁੱਖ : ਸਤੋ ਗੁਣੀ ਮਨੁੱਖ ਦੇ ਕਰਮ ਤਾਂ ਸਾਰੇ ਪ੍ਰਮਾਤਮਾ ਨੂੰ ਮਿਲਨ ਵਾਲੇ ਹੁੰਦੇ ਹਨ ਪਰ ਹਊਮੈ ਫਿਰ ਵੀ ਖਹਿੜਾ ਨਹੀ ਛੱਡਦੀ। ਗੁਰੂ ਘਰ ਲੰਗਰ, ਅਖੰਡ ਪਾਠ ਕਰਵਾਉਣੇ ,ਗੁਰੂ ਸਾਹਿਬ ਨੂੰ ਸੁੰਦਰ ਰੁਮਾਲੇ ਭੇਟ ਕਰਣੇ ਤੇ ਹੋਰ ਸਾਰੀਆਂ ਸੇਵਾਵਾਂ ਸਤੋ ਗੁਣੀ ਕਰਮ ਹਨ, ਪਰ ਨਾਲ ਇਹ ਕਹਿਣਾ ਕੇ ਮੈਂ ਕੀਤੇ ਹਨ ਸੂਖਸ਼ਮ ਹਉਂਮੈ ਹੈ ਜਿਸ ਤਰਾ ਸੱਪ ਮਰ ਜਾਂਦਾ ਹੈ ਪਰ ਉਸ ਦੀ ਪੂਛ ਫਿਰ ਵੀ ਥੋੜੀ ਦੇਰ ਹਿਲਦੀ ਰਹਿੰਦੀ ਹੈ ਸਤੋ ਗੁਣੀ ਕਰਮ ਕਰਕੇ ਵੀ ਸ਼ੂਖਸ਼ਮ ਹਊਮੈ ਅੰਦਰੋਂ ਨਹੀ ਜਾਂਦੀ।
ਧਾਰਮਿਕ ਸੇਵਾਵਾਂ ਕਰਕੇ ਹਊਮੇ ਰਖਣ ਵਾਲੇ ਅਤੇ ਵੱਡੇ ਵੱਡੇ ਦਾਨ ਕਰ ਕੇ ਆਪਣਾ ਨਾਮ ਲਿਖਵਾਉਣ ਵਾਲੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਲਈ ਗੁਰੂ ਸਾਹਿਬ ਜੀ ਨੇ ਚਊਥੇ ਪੱਦ ਦੀ ਪ੍ਰਾਪਤੀ ਵਾਸਤੇ ਕਿਹਾ ਹੈ ਜਿੱਥੇ ਸਿਰਫ ਅਨੰਦ ਦੀ ਅਵੱਸਥਾ ਹੈ। ਜਿੱਥੇ ਤਿੰਨਾਂ ਗੁਣਾਂ ਦੀ ਮਾਇਆ ਦਾ ਪ੍ਰਭਾਵ ਨਹੀ ਪੈਂਦਾਂ।
ਤਿਹਟੜੇ ਬਜਾਰ ਸਉਦਾ ਕਰਨਿ ਵਣਜਾਰਿਆ ॥
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥ਅੰਗ 1426
ਸਾਰੀ ਸ੍ਰਿਸਟੀ ਤਿੰਨ ਤਰਾਂ ਦੀਆਂ ਹੱਟੀਆਂ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣ ਦਾ ਬਜ਼ਾਰ ਹੈ ਅਤੇ ਸਾਰੇ ਜੀਵ ਇਹਨਾਂ ਹੱਟੀਆਂ ਤੇ ਵਣਜ ਕਰ ਰਹੇ ਹਨ। ਕੋਈ ਤਮੋ, ਕੋਈ ਰਜੋ ਅਤੇ ਕੋਈ ਸਤੋ ਗੁਣੀ ਦੀ ਹੱਟੀ ਤੇ ਖਲੋ ਗਿਆ ਹੈ ਪਰ ਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਤਿੰਨਾਂ ਹੱਟੀਆਂ ਤੇ ਹਊਮੈ ਤੁਹਾਨੂੰ ਘੇਰ ਲੈਦੀ ਹੈ। ਜਿਹੜੇ ਚਉਥੇ ਪੱਦ ਵਿਚ ਪਹੁੰਚ ਕੇ ਸੱਚ ਦੀ ਪ੍ਰਾਪਤੀ ਕਰ ਲੈਂਦੇ ਹਨ ਉਹ ਸਚੇ ਪੰਨਸਾਰੀ ( Distributor ) ਬਣ ਜਾਂਦੇ ਹਨ ਅਤੇ ਦੂਜਿਆਂ ਨੂੰ ਵੀ ਇਸ ਸੌਦੇ ਬਾਰੇ ਦੱਸਦੇ ਹਨ ਇਸ ਲਈ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚਉਥੇ ਪੱਦ ਦੀ ਪ੍ਰਾਪਤੀ ਹੀ ਮਨੁਖਾ ਜਨਮ ਦਾ ਮਨੋਰਥ ਹੈ ਜੀ।
– ਤਰਲੋਚਨ ਸਿੰਘ ਮੁਲਤਾਨੀ