ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ 1716 ਜੂਨ।
ਇੱਕ ਅਤੀਤ ਵੈਰਾਗੀ ਗੁਰੂ ਸਾਹਿਬ ਨੂੰ ਮਿਲ਼ਿਆ, ਕੀ ਗੱਲਬਾਤ ਹੋਈ ਇਹ ਗੁਰੂ ਜਾਣੇ, ਬਾਬਾ ਬੰਦਾ ਸਿੰਘ ਨੂੰ ਤਿਆਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਤਜ਼ੁਰਬਾ ਵੀ ਜਰੂਰ ਦਿੱਤਾ ਹੋਏਗਾ, ਪਹਾੜੀ ਰਾਜਿਆਂ ਤੇ ਮੁਗਲ ਸਲਤਨਤ ਦੀਆਂ ਝੂਠੀਆਂ ਸੌਂਹਾ ਦੀ ਜਾਣਕਾਰੀ ਵੀ ਜਰੂਰ ਦਿੱਤੀ ਹੋਵੇਗੀ, ਫਿਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪਰਗਟ ਹੋਇਆ, ਇਸ ਪ੍ਰਤੀ ਭਾਈ ਚੌਪਾ ਸਿੰਘ ਜੀ ਦੀ ਲਿਖਤ ਮਿਲ਼ਦੀ ਹੈ।
ਬਾਬਾ ਬੰਦਾ ਸਿੰਘ ਹਨੇਰੀ ਦੀ ਤਰ੍ਹਾਂ ਪੰਜਾਬ ਵਿੱਚ ਦਾਖਲ ਹੋਇਆ, ਉਸ ਵਖਤ ਬਾਬਾ ਬੰਦਾ ਸਿੰਘ ਦੀ ਉਮਰ ਲੱਗ ਭੱਗ 38 ਸਾਲ ਸੀ। ਸਭ ਤੋਂ ਪਹਿਲਾਂ ਆ ਕੇ ਬਾਬਾ ਬੰਦਾ ਸਿੰਘ ਨੇ ਸਮਾਣੇ ਨੂੰ ਸੋਧਿਆ, ਸਮਾਣੇ ਵਿੱਚ ਉਹ ਜਲਾਦ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਤਾਰਿਆ ਸੀ।
ਫੇਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਹੱਥ ਪਾਇਆ, ਜਿਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗੋਡੇ ਹੇਠ ਦੇਕੇ ਛੁਰੀਅਆਂ ਨਾਲ਼ ਜ਼ਿਬਾਹ ਕੀਤਾ ਸੀ। ਸਮੇਂ ਦਾ ਇਤਹਾਸਕਾਰ ਦੂਨਾ ਸਿੰਘ ਹੰਡੂਰੀਆ ਤੇ ਇਤਹਾਸਕਾਰ ਰਤਨ ਸਿੰਘ ਭੰਗੂ, ਮਹਿਤਾਬ ਸਿੰਘ ਮੀਰਾਕੋਟੀਏ ਦੇ ਪੋਤਰੇ ਨੇ ਉਸ ਵਖਤ ਦੇ ਹਾਲਾਤ ਆਪਣੀਆਂ ਲਿਖਤਾਂ ਵਿੱਚ ਦੱਸੇ ਹਨ।
ਫਿਰ ਸਡੌਰੇ ਦੇ ਨਵਾਬ ਨੂੰ ਫਾਂਸੀ ਦੀ ਸਜਾ ਲਾਈ ਜਿਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ ਸੀ.
ਫੇਰ ੧੭੧੦ ਇ: ੧੨ ਮਈ ਦੇ ਦਿਨ ਚੱਪੜਚਿੜੀ ਦੇ ਮੈਦਾਨ ਵਿੱਚ ਇਕ ਫੈਸਲਾਕੁਨ ਯੁੱਧ ਹੋਇਆ, ਬੜੀ ਤਕੜੀ ਭਖਵੀਂ ਲੜਾਈ ਹੋਈ, ਜਿਸ ਲੜਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਉੱਚੇ ਟਿੱਲੇ ਤੋਂ ਬੈਠ ਕੇ ਵਜ਼ੀਰ ਖਾਂ ਨੂੰ ਤੀਰ ਨਾਲ਼ ਹਾਥੀ ਤੋਂ ਥੱਲੇ ਸੁਟਿਆ! ਇਤਹਾਸਕਾਰ ਲਿਖਦਾ ਹੈ:
ਗਿਰਿਓ ਵਜ਼ੀਦਾ ਜਖਮੀ ਹੋਇ ਤਿਸੇ ਉਠਾਇ ਸਕਿਓ ਨਹੀਂ ਕੋਇ,
ਗਹਿਓ ਜਾਇ ਸਿੰਘਨ ਵੈ ਧਾਈ ਫਤਿਹ ਜੰਗ ਕੀ ਬੰਦੇ ਪਾਈ,
ਬੰਦੇ ਕਾ ਡਰ ਪਰਿਓ ਐਸੇ ਮਿਰਗ ਡਰਤ ਕਿਹਰ ਤੇ ਜੈਸੇ,
ਬੰਦੇ ਪਕੜ ਵਜ਼ੀਦੇ ਤਾਈ ਬੈਲਨ ਗੈਲ ਕਸੀਟ ਕਰਾਈ,
ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਦ ਖਾਂ ਨੂੰ ਜਿਉਂਦੇ ਨੂੰ ਫੜਿਆ, ਫੜਕੇ ਪੈਰਾਂ ਨਾਲ਼ ਰੱਸੀ ਪਾ ਕੇ ਅਲਖ ਵਹਿੜਕਿਆਂ ਦੇ ਮਗਰ ਬੰਨ੍ਹ ਕੇ ੧੨ ਕੋਹ ਸਰਹੰਦ ਲਿਆਂਦਾ, ਉਸ ਨੀਚ ਵਜ਼ੀਦ ਖਾਨ ਨੂੰ ਜਿਊਂਦੇ ਨੂੰ ਅੱਗ ‘ਚ ਸਾੜਿਆ। ਫੇਰ ਇਤਹਾਸਕਾਰ ਲਿਖਦੇ ਨੇ:
ਫਿਰ ਜੀਵਤ ਹੀ ਅਗਨੀ ਬੀਚ ਸਾੜਿਓ ਪਾਏ ਵਜ਼ੀਦਾ ਨੀਚ
ਫਿਰ ਵਾਰੀ ਸੁੱਚਾ ਨੰਦ ਦੀ ਆਈ, ਸਿੰਘਾ ਨੇ ਸਾਰੇ ਮਾਲ ਧਨ ਤੇ ਕਬਜਾ ਕੀਤਾ ਤੇ ਹਵੇਲੀ ਢਾ ਕੇ ਥੱਲੇ ਸੁਟੀ ਤੇ ਅੱਗ ਲਾਈ। ਉਸ ਸਮੇ ਦਾ ਇਕ ਕਾਸਮ ਬੇਗ ਨਾਂ ਦਾ ਮੁਸਲਮਾਨ ਇਤਹਾਸਕਾਰ ਲਿਖਦਾ ਹੈ : ਜੇਹੜੀ ਸੁਚਾ ਨੰਦ ਦੀ ਸੁਰਗਾਂ ਵਰਗੀ ਹਵੇਲੀ ਸੀ ਉਹ ਕਾਵਾਂ ਦਾ ਅੱਡਾ ਬਣੀ ਦਿਖਾਈ ਦੇ ਰਹੀ ਹੈ। ਜਿਵੇਂ ਇਸੇ ਦਿਨ ਲਈ ਬਣੀ ਸੀ। ਅੱਗੇ ਲਿਖਦਾ ਹੈ,
ਤਾ ਕੋ ਪਕੜਿਆ ਘਰ ਤੇ ਜਾਇ ਦੇ ਮੁਸ਼ਕਾ ਬੰਦੇ ਡਿਗ ਲਿਆਏ.., ਬੰਦੇ ਤਵ ਨੰਦ ਕੋ ਕਰਵਾਈ ਬਹੁਮਾਰ ਨਾਕ ਨਕੇਲ ਪਵਾਇ ਕੇ ਮੰਗਵਾਇਓ ਦਰ ਦੁਆਰ
ਸੁੱਚਾ ਨੰਦ ਨੂੰ ਨੱਕ ਚ ਨਕੇਲ ਪਾ ਕੇ ਭੀਖ ਮੰਗਵਾਈ…
ਫਿਰ ਜੇਹੜੇ ਪਿੱਪਲ਼ ਨਾਲ਼ ਸਾਹਿਬਜ਼ਾਦਿਆਂ ਦੇ ਸੀਸ ਲਟਕਾਏ ਗਏ ਸੀ, ਉਸੇ ਥਾਂ ਜੇਹੜੇ ਤਮਾਸ਼ਬੀਨ ਲੋਕਾਂਂ ਨੇ ਉਹਨਾਂ ਤੇ ਨਸ਼ਾਨੇ ਲਾਏ ਸੀ – ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਉਲਟਾ ਟੰਗਿਆ ਤੇ ਬੜੇ ਬੁਰੇ ਢੰਗ ਨਾਲ਼ ਉਹਨਾ ਨੂੰ ਸਜਾਵਾਂ ਦਿੱਤੀਆਂ । ਇਤਹਾਸ ਕਾਰ ਲਿਖਦਾ ਹੈ :
ਰੱਜ ਕੋ ਪਾਇ ਪੀਪਲ੍ਹ ਬਾਂਧੇ, ਉਲਟੇ ਕਰ ਬਿਰਸ਼ਨ ਕੇ ਸੰਗੇ, ਬਾਂਧ ਬਾਂਧ ਮਾਰੇ ਦੁਰ ਢੰਗੇ
ਇਹ ਸਜਾਵਾਂ ਦੇਣ ਉਪਰੰਤ ਸਰਹੰਦ ਵਿੱਚ ਰਾਜ ਕਾਇਮ ਕੀਤਾ ਤੇ ਬਾਬਾ ਬਾਜ ਸਿੰਘ ਨੂੰ ਇਸਦਾ ਗਵਰਨਰ ਬਣਾਇਆ ਤੇ ਆਪ ਗੁਰੂ ਗੋਬਿੰਦ ਸਿਘ ਜੀ ਦੀ ਬਖਸ਼ੀ ਕੇਸ ਦਾੜੀ ਦੀ ਫਕੀਰੀ ਵਿੱਚ ਰਿਹਾ। ਜੋ ਬੰਦਾ ਸਿੰਘ ਨੇ ਇਹ ਤੜਥੱਲ ਮਚਾਇਆ ਤੇ ਮੁੜਵਾਂ ਜਵਾਬ ਦਿੱਤਾ, ਇਹ ਮੁਗਲਾਂ ਲਈ ਇਕ ਵੱਡੀ ਚਣੌਤੀ ਸੀ। ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਵੀ ਥਰ ਥਰ ਕੰਬ ਦਾ ਸੀ। ਇੱਕ ਚਿੱਠੀ ਬਹਾਦਰ ਸ਼ਾਹ ਨੇ ਲਿਖੀ ਤੇ ਇੱਕ ਉਸਦੇ ਪੁੱਤਰ ਫਰਖ਼ਸ਼ੀਅਰ ਬਾਦਸ਼ਾ ਨੇ ਚਿੱਠੀ ਲਿਖੀ, ਉਨਾ ਚਿੱਠੀਆਂ ਤੋ ਪਤਾ ਲਗਦਾ ਹੈ ਉਹ ਬੰਦੇ ਤੋਂ ਕਿਵੇ ਕੰਬਦੇ ਸਨ। ਮੁਗਲਾਂ ਤੇ ਪਹਾੜੀ ਰਾਜਿਆਂ ਵਿੱਚ ਬੰਦਾ ਸਿੰਘ ਬਹਾਦਰ ਦਾ ਬਹੁਤ ਭੈ ਤੇ ਖੋਫ ਸੀ, ਤੇ ਇੱਨਾਂ ਪਹਾੜੀ ਰਾਜਿਆਂ ਤੇ ਮੁਗਲਾ ਨੇਂ ਫੇਰ ਉਹੀ ਚਾਲਾਂ ਜੋ ਗੁਰੂ ਸਾਹਿਬ ਦੇ ਸਮੇ ਚੱਲੀਆਂ ਦੁਬਾਰਾ ਚੱਲੀਆਂ ਪਰ ਬਾਬਾ ਬੰਦਾ ਸਿੰਘ ਇਸ ਵਾਰ ਗੁਰੂ ਸਾਹਿਬ ਦਾ ਪੜਾਇਆ ਹੋਇਆ ਤਿਆਰ ਸੀ। ਬਾਬਾ ਬੰਦਾ ਸਿੰਘ ਨੇ ਮੁਗਲਾ ਤੇ ਪਹਾੜੀ ਰਾਜਿਆਂ ਦੀ ਇਕ ਨਹੀਂ ਮੰਨੀ। ਇਸ ਨਾਮੰਨੀ ਕਰਕੇ ਸਿੱਖਾਂਂ ਚ ਫੁੱਟ ਪਈ, ਜਿਹੜੇ ਲੋੜਵੰਧ ਸਿੱਖ ਸੀ ਜਿਨਾਂ ਨੇ ਰੁਜ਼ੀਨੇ ਲਏ, ਨਜ਼ਰਾਨੇ ਲਏ, ਉਹਨਾਂ ਨੇ ਫਰਖ਼ਸ਼ੀਅਰ ਬਾਦਸ਼ਾਹ ਤੋਂ ਸਹੂਲਤਾਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ਼ ਗਦਾਰੀ ਵੀ ਕੀਤੀ। ਇਹਨਾਂ ਲੋਕਾਂ ਨੇ ਫਿਰ ਮਾਤਾ ਸੁੰਦਰੀ ਜੀ ਦਾ ਆਸਰਾ ਲਿਆ ਤੇ ਫਰੁਖ਼ਸ਼ੀਅਰ ਬਾਦਸ਼ਾਹ ਨੂੰ ਰਾਹ ਦਿੱਤਾ ਕਿ ਉਹ ਬੰਦਾ ਸਿੰਘ ਨੂੰ ਕਿਵੇਂ ਖਤਮ ਕਰ ਸਕਦਾ ਹੈ। ਬੰਦਾ ਸਿੰਘ ਦੀ ਤਾਕਤ ਨੂੰ ਕਮਜ਼ੋਰ ਕੀਤਾ।
ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਤੇ ਪਹਾੜੀਆਂਂ ਰਾਜਿਆਂ ਨੂੰ ਵੱਡਾ ਭਾਰਾ ਜਵਾਬ ਦਿੱਤਾ, ਦੋਸ਼ੀ ਹੁਕਮਰਾਨਾਂ ਨੂੰ ਤੇ ਤਮਾਸ਼ਬੀਨ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਉਨਾਂ ਤੇ ਹੋਏ ਅਤਿਆਚਾਰ ਦੀ ਸਜ਼ਾ ਦਿੱਤੀ। ਬਾਬਾ ਬੰਦਾ ਸਿੰਘ ਨੇ ਗੁਰੂ ਦੀ ਕਿਰਪਾ ਨਾਲ਼ ਮੱਲਾਂ ਮੱਲੀਆਂ – ਆਪ ਫਕੀਰੀ ਲਿਬਾਸ ਚ ਰਿਹਾ ਤੇ ਆਪ ਕੁਛ ਨਹੀਂ ਬਣਿਆ। ਏਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਹਿੰਦੋਸਤਾਨ ਦੀ 7 ਸਦੀਆਂ ਦੀ ਗੁਲਾਮੀ ਲਾਹ ਕੇ ਦਰਾ ਖੈਬਰ ਦਾ ਰਸਤਾ ਬੰਦ ਕੀਤਾ, ਤੇ ਪੰਜਾਬ ਵਿੱਚ ਸਿੱਖ ਰਾਜ ਲਿਆਂਦਾ, ਬਾਬਾ ਬਾਜ ਸਿੰਘ ਨੂੰ ਸਰਹੰਦ ਤੇ ਬਾਬਾ ਬਾਜ ਸਿੰਘ ਦੇ ਛੋਟੇ ਭਰਾ ਨੂੰ ਜਲੰਧਰ ਦਾ ਗਵਰਨਰ ਬਣਾਇਆ। ਪਰ ਈਰਖਾਲੂ ਸਿੱਖਾਂ ਨੇ ਮਾਤਾ ਸੁੰਦਰੀ ਜੀ ਦੇ ਰਸਤੇ ਜਾ ਕੇ ਬੰਦਾ ਸਿੰਘ ਦੀ ਤਾਕਤ ਨੂੰ ਢਾਹ ਲਾਈ, ਫਿਰ ਅਮ੍ਰਿਤਸਰ ਵਿੱਚ ਜਦ ਬੰਦਾ ਸਿੰਘ ਬਹਾਦਰ ਗਦਾਰ ਸਿੱਖਾਂ ਨੂੰ ਭਾਫ ਗਿਆ ਤੇ ਸਮਝ ਗਿਆ ‘ਕ ਇਹ ਵਿਕ ਚੁੱਕੇ ਨੇ, ਇਥੌਂ ਛੱਡ ਕੇ ਬੰਦਾ ਸਿੰਘ ਗੁਰਦਾਸ ਨੰਗਲ ਗਿਆ ਤੇ ਲਹੌਰ ਤੇ ਕਬਜਾ ਕਰਨ ਦੀ ਸੋਚੀ, ਕਿਉਂਕੇ ਅਜੇ ਵੀ ਬੰਦਾ ਸਿੰਘ ਦੀ ਬਹੁਤ ਤਾਕਤ ਸੀ। ਜਦ ਬਾਬਾ ਬੰਦਾ ਸਿੰਘ ਭਗਵਾਨ ਪੁਰੇ ਕੋਲ਼ ਪੁੱਜਾ ਗੁਰਦਾਸ ਨੰਗ਼ਲ ਦੇ ਕਿਲੇ ਤੋਂ ਮੁਗਲ ਫੌਜ ਬਾਹਰ ਆ ਗਈ ‘ਤੇ ਉਥੇ ਗਦਾਰ ਸਿੱਖਾ ਨੇ ਵੀ ਮੁਗਲ ਫੌਜ ਦੀ ਮੱਦਦ ਕੀਤੀ, ਤੇ ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਨੂੰ ਪਿੱਛੇ ਹਟਣਾ ਪਿਆ, ਤੇ ਅੰਤ ਬਾਬਾ ਬੰਦਾ ਸਿੰਘ ਜੀ ਗੁਰਦਾਸ ਨੰਗ਼ਲ਼ ਦੀ ਗੜੀ ਵਿੱਚ ਘਿਰ ਗਏ ਤੇ 8 ਮਹੀਨੇ ਭੁਖੇ ਭਾਣੇ ਬੰਦਾ ਸਿੰਘ ਤੇ ਸਾਥੀ ਸਿੰਘ ਲੜਦੇ ਰਹੇ, ਅੰਤ ਨੂੰ ਗੜ੍ਹੀ ਦੇ ਦਰਵਾਜੇ ਖੋਲ ਦਿਤੇ – ਇਤਹਾਸ ਕਾਰ ਲਿਖਦਾ ਹੈ। ਸ਼ੇਰ ਦੀ ਤਰਾਂ ਲੱਗ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ
ਗਿਰਦ ਭਏ ਬੰਦੇ ਕੇ ਸਾਰੇ ਕਿਹਰ ਸਮ ਬੰਦਾ ਦਰਸਾਵੇ,
ਡਰ ਧਰਿ ਕੋਊ ਹਾਥ ਨਾ ਪਾਵੇ, ਪੁਨ ਬੰਦੇ ਫਨ ਆਪਨ ਆਪੇ ਆਪਣਾ ਤਨ ਬੰਦਵਾਇਓ ਥਾਪੇ,
ਹੱਥ ਹਥੌੜੀ ਲੱਕ ਜੰਜੀਰ ਬੰਦਾ ਬੰਦਿਓ ਇਸ ਤਦਬੀਰ
ਬੰਦੇ ਨੂੰ ਇਸ ਤਰਾਂ ਬੰਨ੍ਹ ਕੇ, ਗਲ਼ ਚ ਸੰਗਲ਼ ਪਾ ਕੇ ਪੈਰਾਂ ਚ ਬੇੜੀਆਂ ਪਾ ਕੇ ਉਨਾਂ ਪਿੰਜਰੇ ਚ ਪਾ ਲਿਆ, ਫਿਰ ਦੂਸਰੇ ਸਿੱਖਾ ਨੂੰ ਫੜਿਆ, ਇਹਨਾਂ ਸਿਖਾਂ ਦੀ ਫੜੇ ਜਾਣ ਤੋਂ ਬਾਦ ਇਹ ਅਰਦਾਸ ਸੀ ਕਿ:
ਪੰਥ ਖਾਲਸਾ ਬਹੁ ਪਰਕਾਸੇ ਸੰਗ ਨਿਭੇ ਸੰਗ ਕੇਸਨ ਸੁਆਸੇ
ਯੂੰ ਕਰਕੇ ਕਰਹਿ ਅਰਦਾਸ ਗੁਰੂ ਕਰੇ ਤੁਰਕਨ ਕਾ ਨਾਸ
ਤੋ ਜਹ ਸੁਣ ਤੁਰਕ ਗਾਰਜੋ ਦੇ ਰਹੇ ਆਗਿਓ ਸਿੰਘ ਪਚਾਸ ਸੁਨੇ ਹੈ।
ਮਰਨ ਕਰਿਓ ਸਿੰਘਨ ਪਰਵਾਨ ਨਹਿ ਛੋਡੇ ਦੰਗੇ ਕੀ ਬਾਨ।
ਜਾਤ ਗੋਤ ਸਿੰਘਨ ਕੀ ਦੰਗਾ ਦੰਗਾ ਹੀ ਇਨ ਗੁਰ ਤੇ ਮੰਗਾ…।
ਜਦ ਇਹਨਾਂ ਸਿੰਘਾ ਨੂੰ ਫੜਕੇ ਲਹੌਰ ਲੈ ਗਏ, 29 ਜਨਵਰੀ 1716 ਇ: ਨੂੰ ਦਿੱਲੀ ‘ਚ ਜਲੂਸ ਦੀ ਸ਼ਕਲ ‘ਚ ਦਾਖਲ ਕੀਤਾ। 5 ਮਾਰਚ 1716’ ਨੂੰ ਸਿੰਘਾ ਦਾ ਕਤਲਿਆਮ ਸ਼ੁਰੂ ਹੋਇਆ, ਸੌ-ਸੌ (100) ਸਿੰਘਾ ਦਾ ਜਥਾ ਰੋਜ਼ ਕਤਲ ਕੀਤਾ ਜਾਂਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ 9 ਜੂੰਨ 1716 ਇਸਵੀ ਨੂੰ। ਇਸ ਸਮੇ ਇੱਕ ਮੁਹੰਮਦ ਸ਼ਫੀ ਨਾਂ ਦਾ ਇਤਹਾਸਕਾਰ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਉਸਦੇ ਚਾਰ ਸਾਲ ਦੇ ਬੱਚੇ ਨੂੰ ਕਤਲ ਕਰ ਕੇ ਉਸਦਾ ਧੜਕਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਚ ਤੁਨਿਆ।
ਇਕ ਅਜ਼ੀਮ ਖਾਨ ਤੇ ਇੱਕ ਖ਼ਾਫੂ ਖਾਂ, ਇਨਾ ਦੋਵਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੁੰਦਿਆਂ ਦੇਖਿਆ, ਤੇ ਖਾਸ ਕਰਕੇ ਉਸ ਸਮੇ ਕਾਜ਼ੀ ਨੂੰ ਪੁੱਛਿਆ ਬਾਦਸ਼ਾਹ ਨੇ ਕਿ ਇਸਨੂੰ ਕਿਹੋ ਜੀ ਮੌਤ ਮਾਰਿਆ ਜਾਵੇ – ਇਤਹਾਸਕਾਰ ਲਿਖਦਾ ਹੈ:
ਕਹੋ ਕਾਜੀ ਇਸ ਕਾਫਰ ਕਾਰੇ ਪੀਰ ਕੱਢ ਕਬਰਾਂ ਤੇ ਜਾਰੇ
ਗੋਸ਼ਤ ਇਨਕਾ ਸਾਥ ਜਮੂਰੇ ਤੋੜਨ ਚਾਹੀਏ ੳਹਿ ਜ਼ਰੂਰੇ…,
ਜਾਇ ਜਲਾਦੇ ਗੋਸ਼ਤ ਲਈਓ
ਜਲਾਦਾਂ ਨੇ ਬਾਦਸ਼ਾਹ ਦਾ ਹੁਕਮ ਮੰਨ ਕਿ ਉਸੇ ਤਰਾਂਂ ਜਮੂਰਾਂ ਨਾਲ਼ ਮਾਸ ਨੋਚਿਆ, ਫਿਰ ਬਾਬਾ ਬੰਦਾ ਸਿੰਘ ਨੂੰ ਪੁੱਛਿਆ ਕਿ ਤੇਰਾ ਬੱਚਾ ਮਰ ਚੁੱਕਾ ਹੈ, ਤੁੰ ਅਜੇ ਵੀ ਮੁਸਲਮਾਨ ਬਣਨ ਨੂੰ ਤਿਆਰ ਨਹੀਂ ਤੇ ਦੱਸ ਹੁਣ ਤੈਨੂੰ ਕਿਹੋ ਜਹੀ ਮੌਤ ਮਾਰੀਏ? ਤੇਰੀ ਆਖਰੀ ਖਾਹਿਸ਼ ਕੀ ਹੈ:
ਤੋ ਬੰਦੇ ਦੀਆ ਉਤਰ ਨਿਰਭੈ ਹੈ, ਬਾਦਸਾਹ ਜਿਊਂ ਮਰਨਾ ਚਹਿ ਹੈਂ, ਤਿਸੀ ਮੌਤ ਕਾ ਹੁਕਮ ਸੁਣਾਵੈ ਮੁਜਕੋ ਸੋ ਮਨਜੂਰ ਰਹਾਵੇ
ਬਾਬਾ ਬੰਦਾ ਸਿੰਘ ਨੇ ਜਵਾਬ ਦਿੱਤਾ ਕਿ ਬਾਦਸ਼ਾਹ ਨੂੰ ਜਿਸ ਤਰਾਂ ਦੀ ਮੌਤ ਆਪ ਨੂੰ ਪਸੰਦ ਹੋਵੇ ਉਹੋ ਜੀ ਮੌਤ ਮੈਨੂੰ ਮਾਰਿਆ ਜਾਵੇ। ਇਸਤੋਂ ਕ੍ਰੋਧ ਵਿੱਚ ਆ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸਦੀਆਂ ਅੱਖਾ ਕੱਢੀਆਂਂ ਜਾਣ – ਇਹਦੇ ਹੱਥ ਪੈਰ ਵੱਢੇ ਜਾਣ। ਪਹਿਲਾਂ ਬਾਬਾ ਬੰਦਾ ਸਿੰਘ ਦੀਆਂ ਅੱਖਾਂ ਕੱਢੀਆਂਂ ਫਿਰ ਉਨਾਂ ਦੇ ਸਿਰ ਚ ਹਥੌੜੇ ਮਾਰੇ, ਫਿਰ ਉਸਦੇ ਹੱਥ ਪੈਰ ਵੱਢੇ, ਫਿਰ ਜਦ ਧਰਤੀ ਤੇ ਨਿਢਾਲ ਹੋ ਕੇ ਡਿਗਾ ਉਹਦੇ ਟੁਕੜੇ ਕਰਕੇ ਬੋਰੀ ਚ ਪਾਇਆ।
ਗੁਰ ਬੰਦਾ ਦਿੱਲੀ ਮੇ ਮਰਿਓ, ਇਹ ਤੁਰਕਾਂ ਜਬ ਪ੍ਰਗਟ ਕਰਿਓ
ਸੁਣਕੇ ਤੁਰਕ ਸਭੀ ਖੁਸ਼ ਥੀਏ ਘਰ ਘਰ ਬਾਲੇ ਘੀ ਕੇ ਦੀਏ
ਹਿੰਦੁਆਇਣ ਨੇ ਸ਼ੋਕ ਬਨਾਇਓ ਸਿਆਣੇ ਸਿੰਘਨ ਨੀਰ ਬਹਾਇਓ
ਕੁੱਝ ਸਿਆਣੇ ਸਿੰਘਾ ਨੇ ਇਸ ਘਟਨਾ ਤੇ ਨੀਰ ਬਹਾਇਆ। ਫਿਰ ਇਹ ਵੀ ਸੱਚ ਹੋਇਆ, ਜਿਸ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ – ਫ੍ਰਖਸ਼ੀਅਰ ਬਾਦਸ਼ਾਹ ਨੂੰ ਉਸਦੇ ਪੁੱਤਰਾਂ ਨੇ ਉਹਦੀਆਂ ਅੱਖਾਂ ਕੱਢ ਕੇ ਬਾਥਰੂਮ ਚ ਬੰਦ ਕੀਤਾ, ਇੱਕ ਮਹੀਨਾ ਤੜਫ ਕੇ ਮਰਿਆ, ਤੇ ਮਰਨ ਤੋਂ ਬਾਦ ਉਸਦਾ ਸਿਰ ਕਲਮ ਕਰਕੇ ਉਸਨੂੰ ਕਬਰ ਚ ਪਾਇਆ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਅਰਦਾਸ ਵਰਗੇ ਬਚਨ ਸਨ, ਜਿਵੇ ਭਾਈ ਤਾਰੂ ਸਿੰਘ ਦੇ ਬਚਨ ਸੀ ਖਾਨ ਬਹਾਦਰ ਲਈ ਕੇ: ” ਤੈਨੂੰ ਜੁੱਤੀ ਦੇ ਅੱਗੇ ਲਗਾ ਕੇ ਲਜਾਊਂਗਾ “ ਸਹੀ ਉਸੇ ਤਰਾਂ ਇਹ ਬੰਦਾ ਸਿੰਘ ਬਹਾਦਰ ਦੇ ਬਚਨ ਗੁਰੂ ਕਿਰਪਾ ਨਾਲ਼ ਪੂਰੇ ਸੀ।
ਬਾਬਾ ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਦਾ ਪਰਮ ਸੇਵਕ ਰਿਹਾ, ਗੁਰੂ ਨੂੰ ਪਿੱਠ ਨਹੀਂ ਦਿਖਾਈ। ਇਹੋ ਵਜ੍ਹਾ ਸੀ ਕਿ ਕਦੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਪੁੱਛਿਆ ਕਿ ਤੇਰਾ ਨਾਂ ਕੀ ਹੈ? ਉਸਦਾ ਜਵਾਬ ਸੀ ਕੇ ਜੀ “ਮੈਂ ਗੁਰੂ ਦਾ ਬੰਦਾ” ਗੁਰੂ ਸਾਹਿਬ ਨੇ ਉਸਨੂੰ ਵਰ ਦਿੱਤਾ ਹੋਇਆ ਸੀ।
ਬਾਬਾ ਬੰਦਾ ਸਿੰਘ ਦੀ ਸਿੱਖ ਕੌਮ-ਵਿਰਸੇ ਨੂੰ ਬਹੁਤ ਵੱਡੀ ਦੇਣ ਹੈ, ਉਸਨੇ ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਪੰਥ ਖਾਲਸੇ ਦੀ ਸੇਵਾ ਕੀਤੀ। ਗੁਰੂ ਇਤਹਾਸ ਦੀ ਗਾਥਾ, ਗੁਰੂ ਸਾਹਿਬ ਤੇ ਸਾਹਿਬਜਾਦਿਆ ਨਾਲ਼ ਸਮਾਪਤ ਹੁੰਦੀ ਹੈ ਤੇ ਬੰਦੇ ਬਹਾਦਰ ਤੋਂ ਸਾਡੇ ਸਿੱਖਾਂ ਦੀ ਸ਼ੁਰੂ ਹੁੰਦੀ ਹੈ। ਬਾਬਾ ਬੰਦਾ ਸਿੰਘ ਦੀ ਯਾਦਗਾਰ ਜਾਂ ਕੋਈ ਨਿਸ਼ਾਨੀ ਅਸਲ ਵਿੱਚ ਕਿਸੇ ਨੇ ਵੀ ਨਹੀਂ ਸੰਭਾਲੀ। ਜੋ ਕੁਝ ਉਸਨੇ ਸਾਡੀ ਕੌਮ ਲਈ ਕੀਤਾ ਮਾਣ ਵਾਲ਼ੀ ਗੱਲ ਹੈ, ਉਸਦੇ ਬੱਚੇ ਦੀ ਸ਼ਹਾਦਤ ਵੀ ਸਾਡੇ ਲਈ ਮਾਣ ਵਾਲ਼ੀ ਗੱਲ ਹੈ।
ਸਿੱਖ ਕੌਮ ਲਈ ਇਹ ਉਲ਼ਾਭਾ ਹੈ ਕਿ ਅੱਜ ਤੱਕ ਬਾਬਾ ਬੰਦਾ ਸਿੰਘ ਨੂੰ ਓਹ ਸਨਮਾਨ ਨਹੀਂ ਦਿੱਤਾ ਜਿਸਦੇ ਉਹ ਹੱਕਦਾਰ ਸੀ।
— ਰਣਜੀਤ ਸਿੰਘ