ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਅੰਗ 8
ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਰਚਨਾ ਸ਼੍ਰੀ ਜਪੁ ਜੀ ਸਾਹਿਬ ਜੀ ਦੀ ਬਾਣੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਅਰੰਭਤਾ ਵਿੱਚ ਦਰਜ ਕੀਤੀ ਹੈ, ਜਪੁ ਜੀ ਸਾਹਿਬ ਜੀ ਦੇ ਦੋ ਸਲੋਕ ਹਨ ਪਹਿਲਾ ਸਲੋਕ।
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ਅੰਗ 1
ਇਹ ਉਪਕਰਣ ਸਲੋਕ ਹੈ ਜਿਸ ਨੂੰ ਪਹਿਲਾ ਸਲੋਕ ਕਹਿੰਦੇ ਹਨ ਅਤੇ
ਦੂਜਾ ਸਲੋਕ ਪਵਣੁ ਗੁਰੂ ਪਾਣੀ ਪਿਤਾ ਜੋ ਆਖ਼ਰੀ ਸਲੋਕ ਹੈ ਜਿਸਨੂੰ ਉਪਸੰਘਾਰ ਸਲੋਕ ਕਹਿੰਦੇ ਹਨ।
ਗੁਰਬਾਣੀ ਵਿੱਚ ਸਲੋਕ ਕਿਸ ਨੂੰ ਕਹਿੰਦੇ ਹਨ ? ਬਹੁਤ ਸਾਰੀ ਵਿਸਤ੍ਰਿਤ ਗੱਲ ਨੂੰ ਥੋੜੇ ਲਫ਼ਜ਼ਾਂ ਵਿਚ ਬਿਆਨ ਕਰਨ ਨੂੰ ਸਲੋਕ ਕਹਿੰਦੇ ਹਨ।
ਜਪੁਜੀ ਸਾਹਿਬ ਦੇ ਆਖ਼ਰੀ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਪੰਥ ਨੇ ਇੱਕ ਐਸਾ ਰੁਤਬਾ ਐਸੀ ਜਗ੍ਹਾ ਦਿੱਤੀ ਹੈ ਕਿ ਹਰ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਸਲੋਕ ਪੜ੍ਹਿਆ ਜਾਂਦਾ ਹੈ, ਕਿਉਂਕਿ ਇਸ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਨੇ ਪੂਰਨ ਦਾ ਪੂਰਨ ਸੰਸਾਰ ਅਤੇ ਪੂਰਨ ਦਾ ਪੂਰਨ ਪ੍ਰਮਾਰਥ ਕਲਮਬੰਦ ਕੀਤਾ ਹੈ ਅਤੇ ਸੰਸਾਰ ਤੇ ਪ੍ਰਮਾਰਥ ਦੋਵਾ ਨੂੰ ਇਕੱਠੇ ਚਲਾਉਣ ਦੀ ਜੁਗਤ ਦੱਸੀ ਹੈ। ਜਿਸ ਤਰਾਂ ਬਹੁਤ ਸਾਰੀ ਸੰਗਤ ਵਾਸਤੇ ਲੰਗਰ ਬਣਾਉਣਾ ਹੋਵੇ ਤਾਂ ਵੱਡੇ ਵੱਡੇ ਕੜਾਹੇ ਚਾਹੀਦੇ ਹਨ ਜਿਸਦੇ ਦੋਵੇ ਪਾਸੇ ਕੁੰਡੇ ਹੁੰਦੇ ਹਨ ਵੱਡੀ ਦੇਗ ਜਾਂ ਵੱਡੇ ਕੜਾਹੇ ਨੂੰ ਇੱਕ ਪਾਸਿਉਂ ਕੁੰਡਾ ਫੜ ਕਿ ਨਾ ਤਾਂ ਚੁਲੇ ਤੇ ਧਰਿਆ ਜਾ ਸਕਦਾ ਹੈ ਅਤੇ ਨਾ ਹੀ ਉਤਾਰਿਆ ਜਾ ਸਕਦਾ ਹੈ ਦੋਵੇ ਕੁੰਡਿਆਂ ਤੋਂ ਫੜਨਾ ਪੈਂਦਾ ਹੈ, ਸਤਿਗੁਰ ਨੇ ਬਖ਼ਸ਼ਿਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਿੱਚ ਇੱਕ ਪਾਸੇ ਅਰੰਭਤਾ ਵਿੱਚ ਏਕਾ ਨਿਰਗੁਣ ਦਾ ਕੁੰਡਾ ਹੈ ਅਤੇ ਦੂਜੇ ਪਾਸੇ ਅਖੀਰ ਵਿੱਚ
“ਸਭ ਨਾਨਕ ਬ੍ਰਹਮ ਪਸਾਰੋ”
ਸਰਗੁਣ ਦਾ ਕੁੰਡਾ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਤੂੰ ਪਸਾਰੇ ਵਿੱਚ ਰਹਿ ਕੇ ਏਕੇ ਨੂੰ ਨਹੀ ਛੱਡਣਾ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਇਸ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਨੇ ਨਿਰੰਕਾਰ ਅਤੇ ਸੰਸਾਰ ਦੋਵਾਂ ਦੀ ਗੱਲ ਕੀਤੀ ਹੈ ਅਤੇ ਬਹੁਤ ਗੁਜ੍ਹੇ ਢੰਗ ਨਾਲ ਕੀਤੀ ਹੈ ਜਿਸਦਾ ਦੁਨੀਆ ਤੇ ਕੋਈ ਮੁਕਾਬਲਾ ਨਹੀਂ ਇਸ ਲਈ ਪੰਥ ਵਿਚ ਹਰ ਦੀਵਾਨ ਦੀ ਸਮਾਪਤੀ ਤੇ ਇਹ ਸਲੋਕ ਪੜ੍ਹਿਆ ਜਾਂਦਾ ਹੈ ਉਹ ਭਾਵੇਂ ਖੁਸ਼ੀ, ਗ਼ਮੀ, ਜਨਮ, ਮਰਨ, ਦੁਕਾਨ ਖੋਹਲਣ ਜਾਂ ਕਾਰੋਬਾਰ ਖੋਹਲਣ ਦਾ ਹੋਵੇ, ਸਮਾਪਤੀ ਇਸ ਸਲੋਕ ਨਾਲ ਹੀ ਕੀਤੀ ਜਾਂਦੀ ਹੈ।
“ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”
ਪਹਿਲਾ ਅੱਖਰ ਪਵਣ ਗੁਰੂ ਹੀ ਮਨ ਨੂੰ ਵਿਸਮਾਦ ਵਿਚ ਲੈ ਜਾਂਦਾ ਹੈ ਕਿ ਪਵਣ ਗੁਰੂ ਕਿਸ ਤਰਾਂ ਹੈ, ਪਾਣੀ ਪਿਤਾ ਕਿਸ ਤਰਾਂ ਹੈ ਅਤੇ ਧਰਤੀ ਵੱਡੀ ਮਾਤਾ ਕਿਸ ਤਰਾਂ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਵਿਚ ਸਾਰਾ ਸੰਸਾਰ ਤੇ ਸਾਰਾ ਪ੍ਰਮਾਰਥ ਗੁੰਦ ਕੇ ਰੱਖ ਦਿੱਤਾ ਹੈ। ਗੁਰੂ ਜੀ ਕਹਿ ਰਹੇ ਹਨ ਕਿ ਸੱਭ ਤੋ ਵੱਡੀ ਮਾਂ ਧਰਤੀ ਮਾਤਾ ਹੈ ਤੇ ਸੱਭ ਤੋ ਵੱਡਾ ਪਿਤਾ ਪਾਣੀ ਹੈ ਅਤੇ ਸੱਭ ਤੋ ਵੱਡਾ ਗੁਰੂ ਪਵਣ ਹੈ ਇਹ ਕਿਵੇਂ? ਆਓ ਇਸ ਦੀ ਵਿਚਾਰ ਕਰੀਏ:
ਦੁਨੀਆਂ ਵਿੱਚ ਰਿਸ਼ਤੇ ਕੇਵਲ ਤਿੰਨ ਹਨ, ਦੋ ਸੰਸਾਰ ਦੀ ਉਪਜ ਦੇ ਤੇ ਇੱਕ ਨਿਰੰਕਾਰ ਦੀ ਉਪਜ ਦਾ ਹੈ, ਸੰਸਾਰ ਦੀ ਉਪਜ ਦਾ ਰਿਸ਼ਤਾ ਮਾਂ ਤੇ ਪਿਤਾ ਤੋ ਸ਼ੁਰੂ ਹੁੰਦਾ ਹੈ ਅਤੇ ਨਿਰੰਕਾਰ ਦੇ ਨਾਲ ਜੁੜਨ ਦਾ ਰਿਸ਼ਤਾ ਗੁਰੂ ਤੋ ਸ਼ੁਰੂ ਹੁੰਦਾ ਹੈ। ਜਿਸਦਾ ਮਾਤਾ ਦੇ ਗਰਭ ਨਾਲ ਸਬੰਧ ਨਹੀ ਜੁੜਿਆ ਉਹ ਸੰਸਾਰ ਵਿਚ ਪ੍ਰਵੇਸ਼ ਨਹੀ ਕਰ ਸਕਦਾ ਅਤੇ ਜਿਸਦਾ ਗੁਰੂ ਨਾਲ ਸਬੰਧ ਨਹੀ ਜੁੜਿਆ ਉਹ ਨਿਰੰਕਾਰ ਵਿਚ ਪ੍ਰਵੇਸ਼ ਨਹੀ ਕਰ ਸਕਦਾ। ਸੰਸਾਰ ਵਿਚ ਆਉਣ ਲਈ ਮਾਤਾ ਦੇ ਗਰਭ ਵਿੱਚੋਂ ਆਉਣਾ ਪੈਂਦਾ ਹੈ ਇਸ ਦੀ ਗੱਲ ਭਗਤ ਕਬੀਰ ਜੀ ਨੇ ਕੀਤੀ ਹੈ ਜਦੋ ਬ੍ਰਹਮਣ ਨੇ ਕਬੀਰ ਜੀ ਨੂੰ ਕਿਹਾ ਸੀ ਕਿ ਤੂੰ ਸ਼ੂਦਰ ਹੈ ਤੈਨੂੰ ਨਾਮ ਜਪਨ ਦਾ ਕੋਈ ਹੱਕ ਨਹੀਂ ਤਾਂ ਕਬੀਰ ਜੀ ਨੇ ਬ੍ਰਹਮਣ ਤੇ ਬਹੁਤ ਗਹਿਰੀ ਚੋਟ ਕੀਤੀ ਸੀ।
ਜੌ ਤੂੰ ਬ੍ਰਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ਅੰਗ 324
ਕਬੀਰ ਜੀ ਕਹਿੰਦੇ ਹਨ ਕਿ ਅਸੀ ਤਾਂ ਮਾਤਾ ਦੇ ਗਰਭ ਦੁਆਰਾ ਸੰਸਾਰ ਵਿੱਚ ਆਏ ਹਾਂ ਜੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਸਮਝਦਾ ਹੈ ਤਾ ਤੂੰ ਕਿਸੇ ਹੋਰ ਰਸਤੇ ਤੋਂ ਕਿਉਂ ਨਹੀ ਆਇਆ ਤੂੰ ਵੀ ਤਾ ਆਪਣੀ ਬ੍ਰਾਹਮਣੀ ਮਾਂ ਦੇ ਗਰਭ ਵਿੱਚੋਂ ਆਇਆ ਹੈ! ਕਬੀਰ ਜੀ ਨੇ ਸ਼ਪਸ਼ਟ ਕਰ ਦਿੱਤਾ ਕਿ ਸੰਸਾਰ ਵਿਚ ਦਾਖਲੇ ਲਈ ਮਾ ਦੇ ਗਰਭ ਦੀ ਜ਼ਰੂਰਤ ਹੈ ਕੇਵਲ ਮਾਂ ਦੇ ਗਰਭ ਤੋਂ ਹੀ ਸੰਸਾਰ ਵਿਚ ਆਇਆ ਜਾ ਸਕਦਾ ਹੈ ਅਤੇ ਗੁਰੂ ਸਾਹਿਬ ਧਰਤੀ ਨੂੰ ਵੱਡੀ ਮਾਤਾ ਕਹਿ ਰਹੇ ਹਨ ਅਤੇ ਗੁਰੂ ਨਾਲ ਜੁੜਨ ਤੋਂ ਬਿਨਾ ਨਿਰੰਕਾਰ ਵਿਚ ਦਾਖਲਾ ਨਹੀ ਮਿਲਦਾ।
ਮਤ ਕੋ ਭਰਮਿ ਭੂਲੈ ਸੰਸਾਰਿ॥ ਗੁਰ ਬਿਨ ਕੋਇ ਨਾ ਉਤਰਸਿ ਪਾਰਿ॥ ਅੰਗ 864
ਦੁਨੀਆਂ ਵਿਚ ਮਤੇ ਕੋਈ ਭਰਮ ਵਿਚ ਪੈ ਕਿ ਭੁਲ ਜਾਵੇ ਕਿ ਉਹ ਗੁਰੂ ਤੋ ਬਿਨਾ ਇਸ ਸਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ ਗੁਰੂ ਤੋ ਬਿਨਾ ਨਿਰੰਕਾਰ ਵਿਚ ਦਾਖਲਾ ਨਹੀ ਹੋ ਸਕਦਾ।
ਭਾਈ ਰੇ ਗੁਰ ਬਿਨੁ ਗਿਆਨੁ ਨਾ ਹੋਇ॥ ਪੂਛਹੁ ਬ੍ਰਹਮੇ ਨਾਰਦੇ ਬੇਦ ਬਿਆਸੇ ਕੋਇ॥ ਅੰਗ 59
ਹੇ ਭਰਾਵਾ ਗੁਰੂ ਤੋਂ ਬਿਨਾ ਗਿਆਨ ਨਹੀ ਹੋ ਸਕਦਾ ਭਾਵੇਂ ਬ੍ਰਹਮਾ ਜੀ, ਨਾਰਦ ਜੀ ਅਤੇ ਬੇਦ ਵਿਆਸ ਜੀ ਤੋ ਪੁੱਛ ਲੈ। ਇਸ ਲਈ ਨਿਰੰਕਾਰ ਵਿਚ ਪ੍ਰਵੇਸ਼ ਸਿਰਫ ਗੁਰੂ ਦੁਆਰਾ ਹੀ ਹੋ ਸਕਦਾ ਹੈ ਅਤੇ ਗੁਰੂ ਸਾਹਿਬ ਪਵਣ ਨੂੰ ਗੁਰੂ ਕਹਿ ਰਹੇ ਹਨ ਅਤੇ ਧਰਤੀ ਨੂੰ ਵੱਡੀ ਮਾਤਾ ਕਹਿ ਰਹੇ ਹਨ, ਜੇ ਦੇਖਿਆ ਜਾਵੇ ਤਾਂ ਸਾਰੇ ਸੰਸਾਰ ਦਾ ਮੂਲ ਧਰਤੀ ਮਾਤਾ ਹੈ ਅਤੇ ਨਿਰੰਕਾਰ ਦਾ ਮੂਲ ਗੁਰੂ ਹੈ ਜਿਹੜੀ ਮਾਂ ਦੇ ਗਰਭ ਵਿੱਚੋਂ ਅਸੀ ਆਏ ਹਾਂ ਉਸ ਦਾ ਮੂਲ ਵੀ ਧਰਤੀ ਮਾਤਾ ਹੈ ਇਸ ਲਈ ਧਰਤੀ ਦੀ ਪੂਜਾ ਹੁੰਦੀ ਹੈ ਅਤੇ ਵੱਡੀ ਮਾਤਾ ਕਿਹਾ ਜਾਂਦਾ ਹੈ ਅਸੀ ਸਾਰੇ ਮਿੱਟੀ ਤੋਂ ਬਣੇ ਹਾ ਅਤੇ ਅਖੀਰ ਮਿੱਟੀ ਹੋਣਾ ਹੈ।
ਪੁਤਰੀ ਤੇਰੀ ਬਿਧਿ ਕਰ ਥਾਟੀ॥ ਜਾਨੁ ਸਤਿ ਕਰਿ ਹੋਏਗੀ ਮਾਟੀ॥ ਅੰਗ 374
ਤੇਰੇ ਸਰੀਰ ਦਾ ਪੁਤਲਾ ਮਿੱਟੀ ਤੋਂ ਬਣਿਆ ਹੈ ‘ਤੇ ਇਹ ਸੱਚ ਕਰ ਕਿ ਸਮਝ ਲੈ ਕਿ ਇਸ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ ਕਿਉਂਕਿ ਖ਼ਾਕ ਤੋ ਖੁਰਾਕ ਬਣੀ, ਖੁਰਾਕ ਤੋ ਖੂਨ, ਖੂਨ ਤੋ ਬਿੰਦ, ਬਿੰਦ ਤੋ ਗਰਭ, ਗਰਭ ਤੋਂ ਬੱਚਾ, ਬੱਚੇ ਤੋਂ ਜੁਆਨ, ਜੁਆਨ ਤੋਂ ਬੁੱਢਾ ਅਤੇ ਬੁੱਢੇ ਤੋਂ ਫਿਰ ਖ਼ਾਕ ਬਣ ਗਈ। ਇਹ ਯਾਤਰਾ ਮਿੱਟੀ ਤੋਂ ਸ਼ੂਰੂ ਹੋਈ ਤੇ ਮਿੱਟੀ ਤੇ ਖਤਮ ਹੋ ਗਈ ਗੁਰਬਾਣੀ ਇਸ ਨੂੰ ਇਸ ਤਰਾਂ ਕਹਿੰਦੀ ਹੈ:
ਮਾ ਕੀ ਰਕਤ ਪਿਤਾ ਬਿਦੁ ਧਾਰਾ॥ ਮੂਰਤਿ ਸੂਰਤਿ ਕਰਿ ਅਪਾਰਾ॥ ਅੰਗ 1022
ਮਾਤਾ ਦਾ ਖੂਨ ਅਤੇ ਪਿਤਾ ਦਾ ਬਿੰਦ ਮਿਲੇ ਤਾਂ ਤੇਰਾ ਵਜੂਦ ਅਤੇ ਤੇਰੀ ਸੋਹਣੀ ਸੂਰਤ ਬਣ ਗਈ ਇਸ ਲਈ ਜਿਸ ਮਾਂ ਦੇ ਗਰਭ ਤੋਂ ਅਸੀ ਆਏ ਹਾਂ ਉਸ ਦਾ ਮੂਲ ਵੀ ਧਰਤੀ ਮਾਤਾ ਹੈ। ਜੇ ਮਿੱਟੀ ਨਾ ਹੁੰਦੀ ਤਾਂ ਖੁਰਾਕ ਨਾ ਹੁੰਦੀ, ਖੁਰਾਕ ਨਾ ਹੁੰਦੀ ਖੂਨ ਨਾ ਹੁੰਦਾ, ਖੂਨ ਨਾ ਹੁੰਦਾ ਬਿੰਦ ਨਾ ਹੁੰਦਾ, ਬਿੰਦ ਨਾ ਹੁੰਦਾ ਗਰਭ ਨਾ ਹੁੰਦਾ, ਗਰਭ ਨਾ ਹੁੰਦਾ ਬੱਚਾ ਨਾ ਹੁੰਦਾ, ਬੱਚਾ ਨਾ ਹੁੰਦਾ ਜੁਆਨ ਨਾ ਹੁੰਦਾ ਤੇ ਜੁਆਨ ਨਾ ਹੁੰਦਾ ਤਾਂ ਫਿਰ ਬੁੱਢਾ ਵੀ ਨਾ ਹੁੰਦਾ, ਇਹ ਹੀ ਯਾਤਰਾ ਹੈ ਸਰੀਰ ਦੀ। ਸੁਆਲ ਪੈਦਾ ਹੁੰਦਾ ਹੈ ਇਹਦੇ ਨਾਲ ਪਾਣੀ ਪਿਤਾ ਦਾ ਕੀ ਰਿਸ਼ਤਾ ਹੈ? ਅਸੀ ਸੱਭ ਜਾਣਦੇ ਹਾ ਕਿ ਸੁੱਕੀ ਮਿੱਟੀ ਵਿੱਚੋਂ ਕੁਝ ਵੀ ਨਹੀਂ ਉਗਦਾ ਮਿੱਟੀ ਨਾਲ ਪਾਣੀ ਦੀ ਸੰਗਤ ਹੋਦੀ ਹੈ ਤਾਂ ਬਨਸਪਤੀ ਉਗਦੀ ਹੈ। ਗੁਰੂ ਕਿਰਪਾ ਕਰਦਾ ਹੈ ਸੁੱਕੀ ਮਿੱਟੀ ਦਾ ਪਾਣੀ ਨਾਲ ਮੇਲ ਹੋਦਾ ਹੈ ਤੇ ਬੀਜ ਪ੍ਰਫੁਲਤ ਹੁੰਦਾ ਹੈ ਤੇ ਬਨਾਸਪਤੀ ਉੱਗਦੀ ਹੈ ਇਹ ਸਾਰਾ ਸੰਸਾਰ ਧਰਤੀ ਮਾਤਾ ਦੇ ਗਰਭ ਵਿੱਚੋਂ ਇਸ ਤਰਾਂ ਹੀ ਉਗਿਆ ਹੈ। ਇਸੇ ਤਰਾਂ ਸੁੱਕੇ ਮਨ ਵਿੱਚੋਂ ਕੋਈ ਦੈਵੀ ਗੁਣ ਪ੍ਰਗਟ ਨਹੀ ਹੁੰਦੇ ਕੋਈ ਭਗਤੀ, ਵੈਰਾਗ ਤੇ ਬੰਦਗੀ ਨਹੀ ਹੁੰਦੀ ਜੇਕਰ ਸ਼ਬਦ ਗੁਰੂ ਦੀ ਸੰਗਤ ਨਾ ਹੋਵੇ ਇਸ ਮਨ ਵਿੱਚੋਂ ਸਤਿ ਸੰਤੋਖ , ਦਇਆ ਅਤੇ ਧਰਮ ਦੇ ਦੈਵੀ ਗੁਣਾਂ ਦੀ ਫ਼ਸਲ ਤਾ ਨਿਕਲੇਗੀ ਸੇਵਾ ਅਤੇ ਪਰਉਪਕਾਰ ਦੇ ਗੁਣ ਤਾਂ ਹੀ ਨਿਕਲਣਗੇ ਜੇ ਸ਼ਬਦ ਗੁਰੂ ਦੀ ਸੰਗਤ ਹੋਵੇਗੀ। ਇੱਕ ਪਾਸੇ ਮਿੱਟੀ ਨਾਲ ਪਾਣੀ ਜੁੜਿਆ ਹੈ ਤੇ ਬਨਸਪਤੀ ਉੱਗੀ ਹੈ, ਇੱਕ ਪਾਸੇ ਮਾਂ ਦਾ ਖੇਤ ਅਤੇ ਪਿਤਾ ਦਾ ਪਾਣੀ ਜੁੜਿਆ ਹੈ ਇਹ ਜੀਵ ਦੀ ਖੇਤੀ ਨਿਕਲੀ ਹੈ, ਇਸੇ ਤਰਾਂ ਗੁਰੂ ਦੇ ਸ਼ਬਦ ਦਾ ਪਾਣੀ ਅਤੇ ਜੀਵ ਦੇ ਅੰਤਿਹਕਰਣ ਦੀ ਧਰਤੀ ਜੁੜੀ ਹੈ ਤੇ ਰੱਬੀ ਗੁਣ ਨਿਕਲੇ ਹਨ। ਸੁਆਲ ਪੈਦਾ ਹੰਦਾ ਹੈ ਕਿ ਪਾਣੀ ਤੇ ਮਿੱਟੀ ਦੀ ਕੁਝ ਸਮਜ ਆ ਗਈ ਹੈ।ਹੁਣ ਗੁਰੂ ਕੋਲੋ ਸਮਝੀਏ ਕਿ ਪਵਣ ਗੁਰੂ ਕਿਵੇਂ ਹੈ? ਇਹ ਸੰਸਾਰ ਪੰਜ ਤੱਤਾਂ ਦਾ ਬਣਿਆ ਹੈ – ਅਗਨੀ, ਪਾਣੀ, ਪਵਣ, ਮਿੱਟੀ ਅਤੇ ਅਕਾਸ਼, ਗੁਰੂ ਜੀ ਗੁਰਬਾਣੀ ਵਿਚ ਦੱਸਦੇ ਹਨ:
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ॥ ਅੰਗ 736
ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਇਹ ਸਾਰਾ ਸੰਸਾਰ ਪੰਜ ਤੱਤਾਂ ਦਾ ਬਣਿਆ ਹੈ ਇਸ ਨੂੰ ਕੋਈ ਵੀ ਪੌਣੇ ਪੰਜ ਨਹੀ ਕਰ ਸਕਦਾ ਅਤੇ ਨਾ ਹੀ ਸਵਾ ਪੰਜ ਕਰ ਸਕਦਾ ਹੈ ਪਰ ਕੁੱਝ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਤੇ ਉਹ ਇਸ ਰਮਜ਼ ਨੂੰ ਬੁਝ ਲੈਦੇ ਹਨ। ਪਰ ਕਈ ਗੁਰੂ ਨਾਲੋ ਟੁੱਟ ਕੇ ਸਾਰਾ ਜੀਵਨ ਰੋਂਦੇ ਹੀ ਰਹਿੰਦੇ ਹਨ। ਧੰਨਤਾ ਯੋਗ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ ਜਿੰਨਾਂ ਨੂੰ ਗੁਰੂਆਂ ਦੇ ਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਵਰਗੇ ਪੂਰਨ ਗੁਰੂ ਮਿਲੇ ਹਨ ਪਰ ਲੋੜ ਹੈ ਇਸ ਨੂੰ ਖੋਜਣ ਦੀ। ਇਹਨਾਂ ਪੰਜ ਤੱਤਾਂ ਨੂੰ ਮਿਲਾ ਕਿ ਅਗਰ ਚੇਤਨ ਸੱਤਾ ਸਰੀਰ ਵਿੱਚ ਹੋ ਰਹੀ ਹੈ ਤਾਂ ਕੇਵਲ ਪਵਣ ਤੋਂ ਹੋ ਰਹੀ ਹੈ, ਜੇ ਸਰੀਰ ਅੰਦਰ ਸੁਆਸ ਨਹੀ ਚੱਲ ਰਹੇਂ ਤਾਂ ਸਰੀਰ ਮਿੱਟੀ ਹੈ, ਇਸੇ ਲਈ ਹੀ ਜੀਵ ਨੂੰ ਪ੍ਰਾਣੀ ਕਿਹਾ ਜਾਂਦਾ ਹੈ, ਜੇ ਅੰਦਰ ਪਵਣ ਨਹੀ, ਹਵਾ ਨਹੀ, ਸੁਆਸ ਨਹੀ ਤਾਂ ਇਹ ਸਰੀਰ ਮਿੱਟੀ ਹੈ। ਅਗਰ ਦੋ ਮਿੱਟੀ ਦੇ ਸਰੀਰ ਨਰ ਅਤੇ ਮਾਦਾ ਨੂੰ ਜੋੜ ਦਿੱਤਾ ਜਾਵੇ ਤਾਂ ਉਸ ਵਿੱਚੋਂ ਕੋਈ ਉਤਪੱਤੀ ਨਹੀਂ ਹੁੰਦੀ, ਸਤਿਗੁਰੂ ਦੀ ਬਾਣੀ ਇਸਨੂੰ ਇਸ ਤਰਾਂ ਕਹਿੰਦੀ ਹੈ:
ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਊਣੁ॥ ਅੰਗ 152
ਦੇਹੀ ਤਾਂ ਮਿੱਟੀ ਹੈ ਇਸ ਵਿੱਚ ਪਵਣ ਗੁਰੂ ਬੋਲ ਰਿਹਾ ਹੈ, ਗੁਰੂ ਜੀ ਕਹਿੰਦੇ ਹਨ ਉਹ ਗਿਆਨੀਉ ਜੇ ਦੇਹੀ ਮਿੱਟੀ ਹੈ ਇਸ ਵਿੱਚੋਂ ਫਿਰ ਕਉਣ ਮਰਿਆ ਹੈ! ਇਹ ਵੀ ਵਿਚਾਰ ਕਰੋ ਅਗਰ ਆਪਸ ਵਿੱਚ ਦੋ ਸਰੀਰਾਂ ਦਾ ਮੇਲ ਹੋਇਆ ਹੈ ਤਾਂ ਉਹ ਪਵਨ ਗੁਰੂ ਕਰਕੇ ਹੋਇਆ ਹੈ। ਜੇ ਸਰੀਰ ਵਿੱਚ ਪਵਣ ਨਹੀ ਤਾਂ ਇਹ ਮਿੱਟੀ ਹੈ ਇਸ ਲਈ ਪਵਨ ਨੂੰ ਗੁਰੂ ਕਿਹਾ ਹੈ। ਪ੍ਰਕਿਰਤੀ ਵਿਚ ਪਵਣ ਗੁਰੂ ਦਾ ਰਿਸ਼ਤਾ ਜੁੜਿਆ ਹੈ ਤਾਂ ਸਾਰੇ ਸਰੀਰਾਂ ਵਿਚ ਹਰਕੱਤ ਹੋਈ ਹੈ ਇਸ ਤਰਾਂ ਜੇਕਰ ਸਰੀਰ ਵਿੱਚ ਸੁਆਸਾਂ ਰੂਪੀ ਪਵਣ ਹੈ ਤਾਂ ਗੁਰੂ ਰੂਪੀ ਸ਼ਬਦ ਚਲੇਗਾ ਨਹੀ ਤਾਂ ਨਹੀਂ ਚਲੇਗਾ। ਅਗਰ ਸਰੀਰ ਵਿਚ ਪਵਣ ਨਹੀ ਸਰੀਰ ਤੋ ਕੋਈ ਉਤਪਤੀ ਨਹੀ, ਅਗਰ ਗੁਰੂ ਸ਼ਬਦ ਪਵਣ ਰੂਪ ਵਿਚ ਨਹੀ ਨਿਰੰਕਾਰ ਨਾਲ ਕੋਈ ਸਬੰਧ ਨਹੀ। ਜੇ ਪਵਣ ਗੁਰੂ ਹੈ, ਪਾਣੀ ਪਿਤਾ ਹੈ ਤਾਂ ਧਰਤੀ ਵੱਡੀ ਮਾਤਾ ਕਿਵੇਂ? ਜਦ ਇੱਕ ਮਾਂ ਆਪਣੇ ਬੱਚੇ ਨੂੰ ਚੁੱਕ ਚੁੱਕ ਕੇ ਥੱਕ ਜਾਂਦੀ ਹੈ ਤਾਂ ਥੱਲੇ ਰੱਖ ਦਿੰਦੀ ਹੈ ਤਾਂ ਧਰਤੀ ਮਾਤਾ ਕਹਿੰਦੀ ਹੈ ਲਿਆ ਮੇਰੇ ਤੇ ਰੱਖ ਦੇ ਮੈਂ ਨਹੀਂ ਥੱਕਾਂਗੀ, ਮਾਂ ਆਪਣੇ ਬੱਚੇ ਨੂੰ ਦੁੱਧ ਦੇਦੀ ਹੈ ਅਤੇ ਰੋਟੀ ਦਿੰਦੀ ਹੈ ਪਰ ਧਰਤੀ ਮਾਤਾ ਸੱਭ ਕੁਝ ਸਾਰਿਆਂ ਨੂੰ ਦਿੰਦੀ ਹੈ। ਸਾਰੇ ਉਹਦੇ ਬੱਚੇ ਹਨ ਜੋ ਕੁਝ ਵੀ ਆ ਰਿਹਾ ਹੈ ਧਰਤੀ ਵਿੱਚੋਂ ਹੀ ਆ ਰਿਹਾ ਹੈ ਰੋਟੀ ਰਿਜ਼ਕ, ਕੱਪੜਾ, ਗਹਿਣਾ, ਸਾਰਾ ਕੁਝ ਪੈਟਰੋਲ , ਗੈਸ , ਸੋਨਾ, ਚਾਂਦੀ, ਲੋਹਾ ਸੱਭ ਕੁਝ। ਮਾਂ ਕੇਵਲ ਆਪਣੇ ਬੱਚਿਆਂ ਨੂੰ ਪਾਲ਼ਦੀ ਹੈ ਪਰ ਧਰਤੀ ਮਾਤਾ ਸਾਰੀ ਸ੍ਰਿਸਟੀ ਨੂੰ ਪਾਲਦੀ ਹੈ ਪ੍ਰਮਾਤਮਾ ਨਾ ਕਰੇ ਜਦੋ ਸਰੀਰ ਬਿਨਸ ਜਾਂਦਾ ਹੈ ਲੋਕੀ ਘਰੋ ਕੱਢ ਦੇਦੇ ਹਨ ਪਰ ਧਰਤੀ ਮਾਤਾ ਕਹਿੰਦੀ ਹੈ ਤੂੰ ਮੇਰੇ ਕੋਲ ਆ ਮੈਂ ਤੈਨੂੰ ਰਖਾਂਗੀ।
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥
ਸਰਪਰ ਮੈ ਥੈ ਆਵਨਾ ਮਰਣਹੁ ਨ ਡਰਿਆਹੁ॥ ਅੰਗ 1382
ਧਰਤੀ ਮਾਤਾ ਮਰਣ ਤੋਂ ਬਾਅਦ ਵੀ ਸਾਨੂੰ ਸਾਰਿਆਂ ਨੂੰ ਆਪਣੇ ਕੋਲ ਜਗਾਹ ਦੇਂਦੀ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ “ਮਾਤਾ ਧਰਤਿ ਮਹਤੁ” ਧਰਤੀ ਸੱਭ ਤੋ ਵੱਡੀ ਮਾਤਾ ਹੈ ਆਉ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ ਅਤੇ ਗੁਰਬਾਣੀ ਦੇ ਗੁਜ੍ਹੇ ਭੇਦ ਸਮਝੀਏ ।
—
– ਤਰਲੋਚਨ ਸਿੰਘ ਮੁਲਤਾਨੀ