ਮਨ ਤੂ ਜੋਤਿ ਸਰੂਪ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਨੇ ਮਨੁ ਨੂੰ ਸੰਬੋਧਨ ਕਰ ਕੇ ਉਚਾਰੀ ਹੈ । ਜਿੰਨਾ ਵੀ ਅਧਿਆਤਮ ਹੈ ਇਹ ਸਾਰਾ ਮਨੁ ਨੂੰ ਸਮਝਾਉਣ ਵਾਸਤੇ ਹੈ ਗੁਰਬਾਣੀ ਦਰਸਾਉਂਦੀ ਹੈ ਕਿ ਮਨੁ ਨੂੰ ਸਾਧਣਾਂ ਹੀ ਮਨੁੱਖਾਂ ਜਨਮ ਦਾ ਮਨੋਰਥ ਹੈ ਭਗਤ ਕਬੀਰ ਜੀ ਕਹਿੰਦੇ ਹਨ।
ਮਮਾ ਮਨ ਸਿਉ ਕਾਜੁ ਹੈ ਮਨ ਸਾਧੈ ਸਿਧਿ ਹੋਇ ॥ਅੰਗ 342.
ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਦੱਸਦੇ ਹਨ ਜਿਹੜਾ ਆਪਣੇ ਮਨੁ ਨੂੰ ਜਿੱਤ ਲੈਦਾਂ ਹੈ ਉਹ ਸਾਰੇ ਜਗਤ ਨੂੰ ਜਿੱਤ ਲੈਦਾਂ ਹੈ।
ਮਨਿ ਜੀਤੈ ਜਗੁ ਜੀਤ ॥ਅੰਗ 6
ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਵਿੱਚ ਕਹਿੰਦੇ ਹਨ ਜੋ ਗੁਰੂ ਦੀ ਸ਼ਰਣ ਵਿਚ ਆ ਕਿ ਮਨੁ ਨੂੰ ਜਿੱਤ ਲੈਦਾਂ ਹੈ ਫਿਰ ਸੱਭ ਕੁੱਝ ਉਸ ਦੇ ਵਸਿ ਵਿੱਚ ਆ ਜਾਂਦਾ ਹੈ।
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਅੰਗ 679
ਆਉ ਫਿਰ ਗੁਰੂ ਜੀ ਤੋਂ ਪੁੱਛੀਏ ਕਿ ਮਨੁ ਕੀ ਹੈ?
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਅੰਗ 441.
ਗੁਰੂ ਸਾਹਿਬ ਕਹਿ ਰਹੇ ਹਨ ਕਿ ਏ ਮਨਾ ਤੂੰ ਉਸ ਪਰਮਾਤਮਾ ਦੀ ਅੰਸ਼ ਹੈ ਤੂੰ ਆਪਣੇ ਅਸਲੇ ਨੂੰ ਪਹਿਚਾਣ ਜਿਸ ਤਰਾਂ ਸਮੁੰਦਰ ਦੀ ਲਹਿਰ ਸਮੁੰਦਰ ਵਿੱਚੋਂ ਉੱਠਦੀ ਹੈ ਤਾ ਲਹਿਰ ਕਹਾਉਂਦੀ ਹੈ ਪਰ ਜਦੋ ਲਹਿ ਹੋ ਜਾਂਦੀ ਹੈ ਤਾ ਫਿਰ ਸਮੁੰਦਰ ਬਣ ਜਾਦੀ ਹੈ। ਇਸੇ ਤਰਾਂ ਮਨੁ ਵੀ ਆਤਮਾ ਦੀ ਤਰੰਗ ਹੈ ਪਰ ਸਰੀਰ ਨਾਲ ਜੁੜ ਕੇ ਹਊਮੈ ਕਾਰਣ ਇਸ ਨੇ ਆਪਣਾ ਵੱਖਰਾ ਵਜੂਦ ਬਣਾ ਲਿਆ ਅਤੇ ਕਈ ਜਨਮਾਂ ਤੋਂ ਆਪਣੇ ਕਰਮਾਂ ਕਰਕੇ ਵੱਖ ਵੱਖ ਜੂਨਾਂ ਵਿੱਚ ਭਟਕ ਰਿਹਾ ਹੈ।
ਇਹੁ ਮਨੁ ਸਕਤੀ ॥ ਇਹੁ ਮਨੁ ਸੀਉ ॥ਇਹੁ ਮਨੁ ਪੰਚ ਤਤ ਕੋ ਜੀਉ ॥
ਇਹੁ ਮਨੁ ਲੇ ਜਉ ਉਨਮਨਿ ਰਹੈ ॥ ਤਉ ਤੀਨਿ ਲੋਗ ਕੀ ਬਾਤੈ ਕਹੈ ॥ ਅੰਗ 342
ਗੁਰੂ ਸਾਹਿਬ ਦੱਸਦੇ ਹਨ ਕਿ ਮਨ ਮਾਇਆ ਵਿਚ ਮਾਇਆ ਦਾ ਰੂਪ ਹੋ ਜਾਂਦਾ ਹੈ ਅਤੇ ਹਰੀ ਨਾਲ ਜੁੜ ਕੇ ਹਰੀ ਦਾ ਰੂਪ ਹੋ ਜਾਂਦਾ ਹੈ ਅਤੇ ਸਰੀਰ ਨਾਲ ਲੱਗ ਕੇ ਸਰੀਰ ਬਣ ਜਾਂਦਾ ਹੈ। ਜਦੋਂ ਮਨੁੱਖ ਇਸ ਨੂੰ ਆਪਣੇ ਵਸਿ ਵਿਚ ਕਰ ਕੇ ਇਸ ਨੂੰ ਪ੍ਰਮਾਤਮਾ ਦਾ ਨਾਮ ਜਪੁ ਕੇ ਪਵਿੱਤਰ ਕਰ ਲੈਦਾ ਹੈ ਤਾਂ ਫਿਰ ਇਹ ਪ੍ਰਮਾਤਮਾ ਦੀਆਂ ਹੀ ਗੱਲਾ ਕਰਦਾ ਹੈ, ਜਿਸ ਤਰਾ ਪਾਣੀ ਜਿਸ ਬਰਤਨ ਵਿਚ ਵੀ ਪਾਉ ਉਸ ਦਾ ਹੀ ਰੂਪ ਧਾਰਨ ਕਰ ਲੈਂਦਾ ਹੈ ਕੌਲੀ ਵਿੱਚ ਪਾਉ ਕੌਲੀ ਦਾ ਰੂਪ ਗਿਲਾਸ ਵਿੱਚ ਪਾਉ ਗਲਾਸ ਦਾ ਰੂਪ ਪਰਾਤ ਵਿੱਚ ਪਾਉ ਪਰਾਤ ਦਾ ਰੂਪ ਅਤੇ ਪਾਇਪ ਵਿੱਚ ਪਾਉ ਪਾਇਪ ਦਾ ਰੂਪ ਬਣਾ ਲੈਦਾ ਹੈ, ਇਸ ਤਰਾਂ ਮਨ ਨੂੰ ਲੋਭ ਵਿੱਚ ਪਾਉ ਲੋਭੀ ਕਾਮ ਵਿੱਚ ਪਾਉ ਕਾਮੀ ਚੋਰੀ ਵਿੱਚ ਪਾਉ ਚੋਰ ਬਣ ਜਾਂਦਾ ਹੈ ਅਤੇ ਜੇ ਗੁਰੂ ਨਾਲ ਜੁੜ ਜਾਵੇ ਤਾਂ ਗੁਰਮੁਖ ਹੋ ਜਾਂਦਾ ਹੈ। ਤਨ ਪੰਜ ਤੱਤਾ ਦਾ ਬਣਿਆ ਹੈ ਅਤੇ ਮਨੁ ਸਤਾਰਾਂ ਤੱਤਾ ਦਾ ਵਜੂਹਾ ਹੈ ਇਸ ਵਿੱਚ ਪੰਜ ਪ੍ਰਾਣ ਹਨ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਚਿਤ ਅਤੇ ਬੁੱਧ ਹਨ ਦੁਨੀਆਂ ਦਾ ਕੋਈ ਵੀ ਡਾਕਟਰ ਜਾਂ ਵਿਗਿਆਨੀ ਅੱਜ ਤੱਕ ਤਨ ਵਿਚੋਂ ਮਨੁ ਨਹੀਂ ਵੇਖ ਸਕਿਆ ਅਤੇ ਨਾ ਹੀ ਕੋਈ ਐਕਸਰੇ ਮਸ਼ੀਨ ਇਸ ਦੀ ਤਸਵੀਰ ਲੈ ਸਕੀ ਫਿਰ ਮਨ ਕੀ ਹੈ ? ਜੇ ਦੇਖਿਆ ਜਾਵੇ ਤਾਂ ਸੰਕਲਪ ਅਤੇ ਵਿਕਲਪ ਦੀ ਉਦੇੜ ਬੁਣ ਨੂੰ ਹੀ ਮਨੁ ਕਹਿੰਦੇ ਹਨ। ਸਾਰਾ ਦਿਨ ਇਹ ਸੰਕਲਪ ਅਤੇ ਵਿਕਲਪ ਮਨੁ ਵਿੱਚ ਚੱਲਦੇ ਰਹਿੰਦੇ ਹਨ, ਮਨੁ ਪਹਿਲਾਂ ਸੰਕਲਪ ਲੈਦਾਂ ਹੈ ਅਤੇ ਉਹ ਸੰਕਲਪ ਫਿਰ ਕਰਮ ਬਣਦਾ ਹੈ ਕਰਮ ਤੋਂ ਸੰਸਕਾਰ ਬਣਦੇ ਹਨ ਅਤੇ ਸੰਸਕਾਰ ਤੋ ਸੁਭਾਅ ਬਣਦਾ ਹੈ ਅਤੇ ਉਹ ਸੁਭਾਅ ਹੀ ਸਾਡਾ ਜੀਵਨ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨੁ ਦੇ ਚਾਰ ਸਰੂਪ ਲਿਖੇ ਹਨ ਮਨ, ਮਨੁ , ਮਨਿ , ਮੰਨ ਅਤੇ ਮਨੁ ਦੇ ਚਾਰ ਹੀ ਅਵਗੁਣ ਹਨ।
- ਮਨੁ ਮੈਲ਼ਾ ਹੈ
- ਮਨੁ ਚੁਪ ਨਹੀ ਕਰਦਾ
- ਮਨੁ ਰੱਜਦਾ ਨਹੀਂ
- ਮਨੁ ਵਾਰ ਵਾਰ ਭੁੱਲ ਕਰਦਾ ਹੈ।
ਮਨੁ ਵਿਕਾਰਾਂ ਕਰ ਕੇ ਹਮੇਸ਼ਾ ਮੈਲ਼ਾ ਰਹਿੰਦਾ ਹੈ ਮੈਲ਼ੇ ਮਨ ਨਾਲ ਕੀਤੀ ਸੇਵਾ ਵੀ ਮੈਲੀ ਹੁੰਦੀ ਹੈ ਮੈਲ਼ੇ ਮਨ ਨਾਲ ਸੇਵਾ ਕੀਤੀ ਸੇਵਾ ਨਹੀਂ ਹੁੰਦੀ ਚੌਧਰ ਹੁੰਦੀ ਹੈ ਗੁਰੂ ਜੀ ਬਾਣੀ ਵਿੱਚ ਦਸਦੇ ਹਨ।
ਮਨਿ ਮੈਲੈ ਸਭੁ ਕਿਛੁ ਮੈਲਾ ਤਨੁ ਧੋਤੈ ਮਨੁ ਅਛਾ ਨਾ ਹੋਇ ॥ ਅੰਗ 558
ਦੂਜਾ ਮਨ ਚੁੱਪ ਨਹੀ ਕਰਦਾ ਹਮੇਸ਼ਾ ਇਸ ਵਿਚ ਕੁੱਝ ਨਾ ਕੁੱਝ ਚਲਦਾ ਰਹਿੰਦਾ ਹੈ ਤਾ ਹੀ ਇਹ ਗੁਰੂ ਦਾ ਸ਼ਬਦ ਗ੍ਰਹਿਣ ਨਹੀ ਕਰਦਾ। ਮਨੁ ਵਿਚ ਤ੍ਰਿਸ਼ਨਾ ਹੋਣ ਕਰਕੇ ਇਹ ਸਾਰੇ ਸੰਸਾਰ ਦੇ ਪਦਾਰਥਾਂ ਨਾਲ ਵੀ ਨਹੀ ਰੱਜਦਾ, ਮਨ ਹਮੇਸ਼ਾ ਗਲਤੀ ਕਰਕੇ ਭੁੱਲ ਜਾਂਦਾ ਹੈ ਅਤੇ ਉਹੀ ਗਲਤੀ ਵਾਰ ਵਾਰ ਕਰਦਾ ਹੈ। ਰੋਜ਼ ਕਥਾ ਕੀਰਤਨ ਸੁਣਦਾ ਹੈ ਕੁਝ ਮਨ ਨੂੰ ਚੋਟ ਪਹੁੰਚਦੀ ਹੈ ਅਤੇ ਕਹਿੰਦਾ ਹੈ ਇਹ ਕੰਮ ਹੁਣ ਦੁਬਾਰਾ ਨਹੀਂ ਕਰਨਾ ਪਰ ਦੂਜੇ ਦਿਨ ਫਿਰ ਉਹੀ ਗਲਤੀ ਕਰਦਾ ਹੈ ਇਹ ਚਾਰੇ ਅਵਗੁਣ ਮਨ ਨੂੰ ਹਮੇਸ਼ਾ ਭਟਕਣਾ ਵਿੱਚ ਪਾਈ ਰਖਦੇ ਹਨ ਕੋਈ ਵਿਰਲਾ ਗੁਰਮਖੁ ਪਿਆਰਾ ਇਸ ਮਨੁ ਰੂਪੀ ਸ਼ੀਸ਼ੇ ਵਿਚੋਂ ਆਪਣੇ ਆਪ ਨੂੰ ਵੇਖਦਾ ਹੈ ਅਤੇ ਹਊਮੇ ਰੂਪੀ ਜੰਗਾਲ ਆਪਣੇ ਮਨ ਤੇ ਨਹੀਂ ਲੱਗਣ ਦਿੰਦਾ ਅਤੇ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ।
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
ਮੋਰਚਾ ਨਾ ਲਾਗੈ ਜਾਂ ਹਊਮੇ ਸੋਖੈ ॥ ਅੰਗ 115
ਗੁਰਮੁਖਿ ਆਪਣੇ ਮਨ ਦੀ ਨਿਗਰਾਨੀ ਕਰਦਾ ਹੈ ਅਤੇ ਕਿਸੇ ਮਾੜੇ ਵਿਚਾਰ ਨੂੰ ਆਪਣੇ ਅੰਦਰ ਨਹੀਂ ਜਾਣ ਦਿੰਦਾ
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਅੰਗ 1090
ਜੋ ਆਪਣੇ ਮਨ ਦੀ ਪਹਿਰੇਦਾਰੀ ਕਰਦੇ ਹਨ ਅਤੇ ਦੇਖਦੇ ਹਨ ਕਿ ਮੇਰੇ ਮਨ ਵਿੱਚ ਕੋਈ ਮਾੜਾ ਵਿਚਾਰ ਤਾਂ ਨਹੀਂ ਜਾ ਰਿਹਾ ਉਹ ਇੱਕ ਦਿਨ ਦਰਵੇਸ਼ ਬਣ ਜਾਂਦੇ ਹਨ ।
– ਤਰਲੋਚਨ ਸਿੰਘ ਮੁਲਤਾਨੀ