ਸਤਿਸੰਗਤਿ

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਿੱਖ ਨੂੰ ਸਤਿਸੰਗਤਿ ਕਰਣ ਵਾਸਤੇ ਪ੍ਰੇਰਿਆ ਗਿਆ ਹੈ

ਸਤਿਸੰਗਤਿ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਸੰਗਤ ਕਿਸ ਨੂੰ ਕਹਿੰਦੇ ਹਨ ਕਿਸੇ ਨਾਲ ਮਿਲਕੇ ਉਸ ਦੇ ਗੁਣ ਜਾ ਅਵਗੁਣ ਗ੍ਰਹਿਣ ਕਰ ਲੈਣ ਨੂੰ ਸੰਗਤ ਕਹਿੰਦੇ ਹਨ ਚੰਗੇ ਗੁਣਾਂ ਦੀ ਸੰਗਤ ਨੂੰ ਸਤਿਸੰਗਤਿ ਅਤੇ ਮਾੜੇ ਗੁਣਾਂ ਦੀ ਸੰਗਤ ਨੂੰ ਬਾਣੀ ਵਿੱਚ ਕੁਸੰਗਤ ਕਿਹਾ ਗਿਆ ਹੈ ਉਧਾਰਣ ਦੇ ਤੌਰ ਤੇ ਅਸੀ ਬਾਹਰੋਂ ਪਾਣੀ ਦੀ ਬੋਤਲ ਫਰਿਜ਼ ਵਿੱਚ ਰੱਖੀ ਅਤੇ ਕੁਝ ਸਮੇਂ ਬਾਅਦ ਪਾਣੀ ਠੰਡਾ ਹੋ ਗਿਆ ਇਸ ਦਾ ਮਤਲਬ ਕਿ ਪਾਣੀ ਦੀ ਬੋਤਲ ਨੂੰ ਫਰਿਜ਼ ਦੀ ਸੰਗਤ ਹੋ ਗਈ ਫਰਿਜ਼ ਦੇ ਗੁਣ ਪਾਣੀ ਵਿੱਚ ਆਂ ਗਏ, ਚੁੱਲਾ ਹੇਠਾਂ ਅੱਗ ਜਲਾ ਕੇ ਉੱਤੇ ਬੀਬੀਆਂ ਤਵਾ ਰੱਖਦੀਆਂ ਹਨ ਤਵਾ ਗਰਮ ਹੋ ਜਾਂਦਾ ਹੈ ਇਸ ਦਾ ਮਤਲਬ ਤਵੇ ਨੂੰ ਅੱਗ ਦੀ ਸੰਗਤ ਹੋ ਗਈ ਅੱਗ ਦੇ ਗੁਣ ਤਵੇ ਵਿੱਚ ਆ ਗਏ ਗੁਰੂ ਪਾਸ ਆ ਕਿ ਜੇ ਅਸੀ ਆਪਣਾ ਮਨ ਆਪਣੀ ਸੁਰਤ ਗੁਰੂ ਚਰਨਾਂ ਵਿੱਚ ਰੱਖੀਏ ਜੇ ਗੁਰੂ ਦੇ ਸ਼ਬਦ ਦੇ ਗੁਣ ਸਾਡੇ ਮਨ ਵਿੱਚ ਆ ਗਏ ਤਾ ਸਮਝੋ ਗੁਰੂ ਦੀ ਸੰਗਤ ਸਾਨੂੰ ਹੋ ਗਈ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਤਵਾ ਚੁੱਲ ਦੀ ਅੱਗ ਤੋਂ ਉਤਾਰ ਦਿੱਤਾ ਜਾਵੇ ਤਾ ਸੰਗਤ ਟੁੱਟ ਜਾਂਦੀ ਹੈ ਜੇ ਪਾਣੀ ਵਾਲੀ ਬੋਤਲ ਫਰਿਜ਼ ਤੋ ਬਾਹਰ ਕੱਢ ਲਓ ਤਾ ਸੰਗਤ ਟੁੱਟ ਜਾਂਦੀ ਹੈ ਪਰ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਤਨ ਤਾ ਚੀਰਿਆ ਗਿਆ ਪਰ ਸੰਗਤ ਨਹੀ ਟੁੱਟੀ ,ਬੰਦ ਬੰਦ ਤਾਂ ਕਟਿਆ ਗਿਆ ਪਰ ਸੰਗਤਿ ਨਹੀ ਟੁੱਟੀ, ਖੋਪਰੀ ਤਾ ਉਤਰ ਗਈ ਸੰਗਤ ਨਹੀ ਟੁੱਟੀ ਇਹ ਗੁਰੂ ਦੀ ਵਡਿਆਈ ਹੈ ਗੁਰੂ ਜਿਸਨੂੰ ਇਕ ਵਾਰ ਆਪਣਾ ਬਣਾ ਲੈਦਾਂ ਹੈ ਤਾਂ ਫਿਰ ਉਸ ਦੀ ਬਾਂਹ ਨਹੀਂ ਛੱਡਦਾ ।

ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੇ ॥ ਅੰਗ 249

ਇਕ ਵਾਰੀ ਗੁਰੂ ਜਿਸ ਨਾਲ ਸੰਗਤ ਕਰ ਲੈਦਾਂ ਹੈ ਫਿਰ ਉਸ ਨੂੰ ਉਹ ਕਦੇ ਵੀ ਛੱਡਦਾ ਨਹੀ ਇਹ ਉਸ ਦੀ ਧਰਮ ਨੀਤੀ ਹੈ ਜੇ ਅੱਜ ਤੱਕ ਸਾਡੇ ਵਿੱਚ ਗੁਰੂ ਦੇ ਗੁਣ ਨਹੀ ਆਏ ਤਾਂ ਫਿਰ ਸਮਝ ਲੈਣਾ ਸਾਡੀ ਸੰਗਤ ਗੁਰੂ ਨਾਲ ਨਹੀਂ ਹੋਈ ।

ਹਰਿ ਹਰਿ ਨਾਮੁ ਮਿਲੇ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸ ॥ ਅੰਗ 10

ਇਸ ਪੰਗਤੀ ਤੋਂ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪਰਖਣਾ ਚਾਹੀਦਾ ਹੈ ਕਿ ਜੇਕਰ ਸਾਡੇ ਅੰਦਰ ਗੁਰੂ ਦੇ ਗੁਣਾਂ ਨਾਲ ਕੋਈ ਤਬਦੀਲੀ ਨਹੀਂ ਹੋਈ ਫਿਰ ਗੁਰੂ ਨਾਲ ਸਾਡੀ ਸੰਗਤ ਨਹੀਂ ਹੋਈ ਭਾਵੇਂ ਅਸੀਂ ਦੱਸ ਸਾਲਾਂ ਤੋਂ ਗੁਰਦੁਆਰਾ ਸਾਹਿਬ ਆ ਰਹੇ ਹਾਂ ।
ਜੇ ਗੁਰੂ ਨਾਲ ਸੰਗਤ ਹੋ ਜਾਂਦੀ ਤਾਂ ਅੰਦਰ ਗੁਰੂ ਦੇ ਗੁਣਾਂ ਦਾ ਪਰਗਾਸ ਹੋ ਜਾਣਾ ਸੀ ਮਨ ਵਿਚ ਸਦ ਗੁਣਾਂ ਦਾ ਆ ਜਾਣਾ ਹੀ ਗੁਰੂ ਨਾਲ ਸੰਗਤ ਹੈ ।
ਗੁਰੂ ਦੇ ਗੁਣ ਕੀ ਹਨ ? ਸਤਿ , ਚਿਤ ਅਤੇ ਅਨੰਦ ਇਹ ਤਿੰਨ ਗੁਣ ਹਨ ਪ੍ਰਮੇਸ਼ਵਰ ਦੇ ਅਗਰ ਮਨੁੱਖ ਵਿੱਚ ਇਹ ਗੁਣ ਆ ਜਾਣਗੇ ਤਾਂ ਸਮਝ ਲੈਣਾ ਕਿ ਗੁਰੂ ਦੀ ਸੰਗਤ ਹੋ ਗਈ ਉਸ ਦੇ ਅੰਦਰ ਰੱਬੀ ਗੁਣਾਂ ਦਾ ਪਰਗਾਸ ਹੋ ਜਾਂਦਾ ਹੈ ਉਸ ਦੇ ਅੰਦਰ ਸਤਿ ਆ ਜਾਂਦਾ ਹੈ ਚੇਤਨ ਨਾਲ ਉਹ ਜੁੜ ਜਾਵੇਗਾ ਤੇ ਉਸ ਦਾ ਮਨ ਅਨੰਦ ਸਰੂਪ ਹੋ ਜਾਵੇਗਾ ।

ਜਿਨ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਅੰਗ 10

ਸਤਿਗੁਰ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਸੰਗਤ ਨਹੀਂ ਹੋਈ ਉਹਨਾਂ ਦਾ ਕੀ ਹਾਲ ਹੈ ਇਕ ਪਾਸੇ ਹਨੇਰਾ ਹੋਵੇ ਇਕ ਪਾਸੇ ਚਾਨਣ ਹੋਵੇ,ਇਕ ਪਾਸੇ ਨਕਲ ਹੋਵੇ ਇਕ ਪਾਸੇ ਅਸਲ ਹੋਵੇ ,ਇਕ ਪਾਸੇ ਮੌਤ ਹੋਵੇ ਇਕ ਪਾਸੇ ਜ਼ਿੰਦਗੀ ਹੋਵੇ ,ਇਕ ਪਾਸੇ ਗੁਰਮੁਖ ਹੋਵੇ ਇਕ ਪਾਸੇ ਮਨਮੁਖ ਹੋਵੇ ,ਇਕ ਪਾਸੇ ਦਿਨ ਹੋਵੇ ਇਕ ਪਾਸੇ ਰਾਤ ਹੋਵੇ ਫਿਰ ਤੁਲਨਾ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹਨਾਂ ਨੂੰ ਸੰਗਤ ਹੋਈ ਉਹਨਾਂ ਦੇ ਤਾਂ ਵੱਡੇ ਭਾਗ ਹਨ ਅਤੇ ਜਿਹੜੇ ਸੰਗਤ ਤੋਂ ਵਿਹੂਣੇ ਰਹਿ ਜਾਂਦੇ ਹਨ ਸੱਭ ਕੁੱਝ ਕੋਲ ਹੁੰਦਿਆਂ ਵੀ ਰੋਈ ਜਾਦੇ ਹਨ ਅਤੇ ਚਿੰਤਾਤੁਰ ਰਹਿੰਦੇ ਹਨ ।
ਸਤਿਗੁਰ ਕਹਿੰਦੇ ਹਨ ਕਿ ਉਹਨਾ ਕੋਲ ਸੰਸਾਰ ਦੇ ਬੜੇ ਸੁਖ ਹਨ ਮਹਿਲ ਮਾੜੀਆਂ ਹਨ ਬੜੀ ਵੱਡੀ ਪ੍ਰਬਤਾ ਹੈ ਵੱਡੀ ਰਾਜ ਸੱਤਾ ਹੈ ਵਡੀਆਂ ਕਾਰਾ ਨੇ ਤੇ ਸਾਰੀਆਂ ਸੁੱਖ ਸਹੂਲਤਾਂ ਹਨ ਪਰ ਗੁਰੂ ਦੀ ਸੰਗਤ ਨਹੀ ਕਰਦਾ ਗੁਰੂ ਨਾਲ ਨਹੀਂ ਜੁੜਿਆ ਸਮਝੋ ਮਾੜੇ ਭਾਗਾਂ ਵਾਲਾ ਹੈ ਜਿਹਨਾਂ ਨੇ ਹਰੀ ਦਾ ਰਸ ਕਦੇ ਚਖਿਆ ਹੀ ਨਹੀਂ ਉਹਨਾਂ ਨੂੰ ਜੰਮਾਂ ਦੇ ਵੱਸ ਪੈਣਾ ਪਵੇਗਾ ਗੁਰੂ ਸਾਹਿਬ ਬਾਣੀ ਵਿਚ ਕਹਿੰਦੇ ਹਨ ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਸਾਕਤ ਕੀ ਬਿਧਿ ਨੈਨਹੂ ਡੀਠੀ ॥ ਅੰਗ 892

ਸਤਿਗੁਰ ਕਹਿੰਦੇ ਜਿਹਨਾਂ ਨੂੰ ਅੰਮ੍ਰਿਤ ਕੌੜਾ ਲੱਗ ਰਿਹਾ ਹੈ ਗੁਰੂ ਦੀ ਸੰਗਤ ਰੌਲਾ ਲੱਗ ਰਹੀ ਹੈ ਗੁਰਦੁਆਰਾ ਸਾਹਿਬ ਆਣ ਕਿ ਵੀ ਬਾਹਰ ਹੀ ਬੈਠੇ ਰਹਿੰਦੇ ਹਨ ਤੇ ਗੱਲਾਂ ਕਰਕੇ ਦੂਜਿਆਂ ਨੂੰ ਵੀ ਨਾ ਸੁਣਨ ਲਈ ਮਜ਼ਬੂਰ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਕਿ ਮੈਂ ਦੇਖ ਰਿਹਾ ਹਾਂ ਸਾਕਤ ਮਨੁੱਖਾਂ ਦਾ ਇਹ ਹਾਲ ਹੈ ਉਹਨਾ ਨੂੰ ਅੰਮ੍ਰਿਤ ਭਰਪੂਰ ਰੱਬ ਦੇ ਗੁਣਾਂ ਵਾਲੀ ਸੰਗਤ ਕੌੜੀ ਲੱਗ ਰਹੀ ਹੈ ਤੇ ਲੋਕਾ ਦੀ ਨਿੰਦਿਆ , ਚੁਗਲੀ, ਈਰਖਾ ਵਰਗੀਆਂ ਜ਼ਹਿਰਾਂ ਮਿੱਠੀਆਂ ਲੱਗ ਰਹੀਆਂ ਹਨ ਉਹਨਾਂ ਨੂੰ ਜੰਮਾਂ ਤੋਂ ਕੋਈ ਛੁਡਾ ਨਹੀਂ ਸਕੇਗਾ ।

ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ ਅੰਗ 10

ਇਸ ਪੰਗਤੀ ਵਿਚ ਗੁਰੂ ਸਾਹਿਬ ਜੀ ਨੇ ਦੋ ਲਫ਼ਜ਼ ਲਿਖੇ ਹਨ ਸਰਣਿ ਅਤੇ ਸੰਗਤਿ ਅਸੀ ਸੰਗਤਿ ਵਿਚ ਤਾਂ ਆਉਂਦੇ ਹਾਂ ਪਰ ਸਰਣਿ ਵਿਚ ਨਹੀਂ ਆਉਂਦੇ ਹੁਣ ਗੁਰੂ ਸਾਹਿਬ ਤੋਂ ਪੁੱਛਣਾ ਪਵੇਗਾ ਕਿ ਸੱਚੇ ਪਾਤਸ਼ਾਹ ਸੰਗਤ ਦਾ ਤੇ ਪਤਾ ਲੱਗ ਗਿਆ ਪਰ ਸ਼ਰਣ ਸੰਗਤਿ ਕੀ ਹੈ, ਵੀਹ ਸਾਲ ਤੋਂ ਸਿੱਖ ਗੁਰਦੁਆਰਾ ਸਾਹਿਬ ਸੰਗਤਿ ਵਿਚ ਵੀ ਆ ਰਿਹਾ ਹੈ ਅਤੇ ਸ਼ਰਾਬ ਵੀ ਪੀ ਰਿਹਾ ਹੈ ਕਹਿਣਾ ਪਵੇਗਾ ਕਿ ਸੰਗਤ ਵਿਚ ਤਾ ਆਇਆ ਪਰ ਸ਼ਰਣ ਵਿਚ ਨਹੀ ਆਇਆ ਜੇ ਸ਼ਰਣ ਵਿੱਚ ਆ ਜਾਂਦਾ ਤਾਂ ਸ਼ਰਾਬ ਛੁੱਟ ਜਾਂਦੀ ਕਿਉਂਕਿ ਗੁਰੂ ਦੇ ਗੁਣ ਤਾਂ ਆਏ ਨਹੀ ਤੇ ਗੁਣਾਂ ਦੀ ਹੀ ਸੰਗਤ ਹੈ ਹੋ ਸਕਦਾ ਜਿਹੜੇ ਲੰਗਰ ਛਕ ਕੇ ਗੁਰੂ ਦਰ ਤੋਂ ਤੁਰ ਜਾਂਦੇ ਹਨ ਉਹ ਵੀ ਕਹਿੰਦੇ ਹੋਣਗੇ ਕੇ ਅਸੀਂ ਸੰਗਤ ਵਿਚ ਆਏ ਹਾਂ ਪਰ ਗੁਰੂ ਦੇ ਗੁਣ ਤਾਂ ਹਿਰਦੇ ਵਿਚ ਆਏ ਨਹੀਂ ਤੇ ਗੁਣਾਂ ਦੀ ਹੀ ਸੰਗਤ ਹੈ ਸਮਝ ਲੈਣਾ ਕਿ ਸੰਗਤ ਵਿੱਚ ਤਾ ਆਏ ਹਨ ਪਰ ਸ਼ਰਣ ਵਿੱਚ ਨਹੀਂ ਆਏ ਦੱਸ ਵੀਹ ਸਾਲ ਤੋਂ ਸਿੱਖ ਗੁਰਦੁਆਰੇ ਆ ਰਿਹਾ ਹੈ ਕਥਾ ਸੁਣ ਰਿਹਾ ਹੈ ਕੀਰਤਨ ਸੁਣ ਰਿਹਾ ਹੈ ਪਰ ਸਿੱਖਾਂ ਦੇ ਘਰ ਜਨਮ ਲੈ ਕਿ ਸਿਰ ਅਤੇ ਦਾੜ੍ਹੀ ਦੇ ਕੇਸ ਵੀ ਮੁਨਾ ਰਿਹਾ ਹੈ ਕਹਿਣਾ ਪਵੇਗਾ ਕਿ ਸੰਗਤ ਵਿੱਚ ਤਾ ਆ ਰਿਹਾ ਹੈ ਪਰ ਸ਼ਰਣ ਵਿੱਚ ਹਾਲੇ ਨਹੀ ਆਇਆ ਸੱਚ ਸੁਨਣਾ ਬੜਾ ਔਖਾ ਹੈ ਸੱਚ ਕਹਿਣਾ ਵੀ ਬੜਾ ਔਖਾ ਹੈ ਗੁਰੂ ਨੇ ਜੋ ਇੱਕ ਇੱਕ ਬੋਲ ਗੁਰਬਾਣੀ ਵਿੱਚ ਲਿਖਿਆ ਹੈ ਉਹ ਬੜੀ ਗਹਿਰਾਈ ਵਿੱਚ ਲਿਖਿਆ ਹੈ ਇਸ ਨੂੰ ਕੋਈ ਚਨੌਤੀ ਨਹੀ ਦੇ ਸਕਦਾ ਸ਼ਰਣ ਕਿਸ ਨੂੰ ਕਹਿੰਦੇ ਹਨ ? ਜਦੋਂ ਸੱਪ ਬੈਠਦਾ ਹੈ ਤਾਂ ਕੁੰਡਲੀ ਮਾਰ ਕੇ ਬੈਠਾ ਹੁੰਦਾ ਹੈ ਪਰ ਜਦੋਂ ਸੱਪ ਨੇ ਖੁੱਡ ਵਿੱਚ ਵੜਨਾ ਹੁੰਦਾ ਤਾਂ ਸਿਧਾ ਹੋ ਕੇ ਵੜਣਾ ਪੈਦਾ ਹੈ ਕਿਸੇ ਵੀ ਸੱਪ ਦੀ ਤਾਕਤ ਨਹੀਂ ਕਿ ਉਹ ਕੁੰਡਲੀ ਖੋਹਲਣ ਤੋਂ ਬਿਨਾਂ ਖੁੱਡ ਵਿੱਚ ਵੜ ਜਾਵੇ ਸਾਰੇ ਵੱਲ ਖੋਹਲਣੇ ਪੈਂਦੇ ਹਨ ਸੱਪ ਜਦੋਂ ਖੁੱਡ ਦੀ ਸ਼ਰਣ ਵਿਚ ਆ ਜਾਦਾ ਹੈ ਤਾ ਠੰਢ ਅਤੇ ਗਰਮੀ ਤੋਂ ਬੱਚ ਜਾਂਦਾ ਹੈ ਦੁਸ਼ਮਣ ਦੀ ਮਾਰ ਤੋਂ ਬਚ ਜਾਂਦਾ ਹੈ ਇਸੇ ਤਰ੍ਹਾਂ ਸਾਨੂੰ ਵੀ ਜੇ ਗੁਰੂ ਦੀ ਮੱਤ ਰੂਪੀ ਖੁੱਡ ਦੀ ਸ਼ਰਣ ਵਿੱਚ ਵੜਨਾ ਹੈ ਤਾ ਸਾਨੂੰ ਵੀ ਕਾਮ, ਕ੍ਰੋਧ, ਲੋਭ , ਮੋਹ ਅਤੇ ਹੰਕਾਰ ਦੇ ਸਾਰੇ ਵਲੇਵੇ ਆਪਣੀ ਹਉਮੈ ਵਾਲੀ ਮੱਤ ਆਪਣੀਆਂ ਚਤੁਰਾਈਆਂ ਸਾਰੀਆਂ ਛਡਣੀਆਂ ਪੈਣਗੀਆਂ ਤਾ ਹੀ ਗੁਰੂ ਦੀ ਮੱਤ ਦੀ ਖੁੱਡ ਵਿੱਚ ਵੜਿਆ ਜਾਵੇਗਾ ਨਹੀਂ ਤਾਂ ਨਹੀਂ ਵੜਿਆ ਜਾਵੇਗਾ:

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥, 1381

ਗੁਰੂ ਦੀ ਸ਼ਰਣ ਵਿੱਚ ਆਉਣ ਤੇ ਗੁਰੂ ਸਾਨੂੰ ਸਾਰੇ ਗੁਣਾਂ ਨਾਲ ਸ਼ਰਸ਼ਾਰ ਕਰ ਦੇਵੇਗਾ ਅਤੇ ਅਸੀਂ ਜੰਮਾਂ ਦੀ ਮਾਰ ਤੋ ਬੱਚ ਜਾਵਾਂਗੇ ਸੰਗਤ ਕੁਝ ਹੋਰ ਹੈ ਅਤੇ ਸਰਣ ਸੰਗਤ ਕੁਝ ਹੋਰ ਹੈ ਸ਼ਰਣ ਵਿੱਚ ਆਉਣ ਦਾ ਮਤਲਬ ਕਿ ਹੁਣ ਮੇਰੀ ਕੋਈ ਮਰਜ਼ੀ ਨਹੀ ਹੁਣ ਸਤਿਗੁਰੂ ਸਿਰਫ ਤੇਰੀ ਮਰਜ਼ੀ ਹੈ ।
ਮਨ ਕੀ ਮਤਿ ਤਿਆਗਹੁ ਹਰਿ ਜਨ ਇਹਾ ਬਾਤ ਕਠੈਨੀ ॥ ਅੰਗ 800
ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਫੜ ਲੈਣਾ ਹੀ ਸਭ ਤੋਂ ਅੋਖਾ ਕੰਮ ਹੈ ਇਹਦਾ ਨਾਮ ਹੀ ਸ਼ਰਣ ਸੰਗਤ ਹੈ ਕਿ ਜੋ ਗੁਰੂ ਕਹਿ ਰਿਹਾ ਉਹ ਜ਼ਿੰਦਗੀ ਵਿੱਚ ਹੌਲੀ ਹੌਲੀ ਢਲਦਾ ਜਾਵੇ ਜੇ ਇਸ ਨੂੰ ਗਹਿਰਾਈ ਵਿੱਚ ਵੇਖੀਏ ਤਾ ਸੰਗਤ ਕੇਵਲ ਤਨ ਦੀ ਹੈ ਅਤੇ ਸ਼ਰਣ ਸੰਗਤ ਮਨ ਦੀ ਹੈ ਜਦੋ ਮਨ ਵੀ ਗੁਰੂ ਦੀ ਵਿਚਾਰਧਾਰਾ ਵਿਚ ਆ ਗਿਆ ਅਤੇ ਬੁੱਧੀ ਵੀ ਗੁਰੂ ਦੀ ਮੱਤ ਵਿਚ ਆ ਗਈ ਤੇ ਅੰਤਹਕਰਣ ਵਿਚ ਵੀ ਗੁਰੂ ਦੇ ਗੁਣ ਆ ਗਏ ਤਾ ਸਮਝੋ ਇਹੋ ਹੀ ਸ਼ਰਣ ਸੰਗਤ ਹੈ ਜਦੋਂ ਕੋਈ ਸਿੱਖ ਤਨ ਅਤੇ ਮਨ ਦੋਵੇਂ ਗੁਰਦੁਆਰਾ ਸਾਹਿਬ ਲੈ ਕਿ ਆਉਦਾਂ ਹੈ ਜਦੋ ਉਹ ਆਇਆ ਸੀ ਤਾ ਸਿੱਖ ਸੀ ਪਰ ਜਦੋਂ ਉਹ ਵਾਪਸ ਜਾਵੇਗਾ ਤਾਂ ਗੁਰਸਿੱਖ ਹੋਵੇਗਾ ਉਹਦਾ ਸਰੀਰ ਹਰਿਮੰਦਰਿ ਬਣ ਜਾਵੇਗਾ ਗੁਰਬਾਣੀ ਕਹਿੰਦੀ ਹੈ

ਹਰਿਮੰਦਰੁ ਇਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਅੰਗ 1346

ਇਹ ਸਰੀਰ ਹਰਿਮੰਦਰ ਵਿੱਚੋਂ ਹੀ ਗਿਆਨ ਦੇ ਰਤਨ ਪ੍ਰਗਟ ਹੋਣੇ ਹਨ ਪਰ ਬੰਦਾ ਕਹਿੰਦਾ ਹੈ ਕਿ ਗੁਰਦੁਆਰਾ ਸਾਹਿਬ ਸ਼ਰਾਬ ਲੈ ਕੇ ਆਉਣੀ ਪਾਪ ਹੈ ਪਰ ਸਰੀਰ ਹਰਿਮੰਦਰ ਵਿੱਚ ਸ਼ਰਾਬ ਪਾਈ ਜਾਂਦਾ ਹੈ । ਗੁਰੂ ਸਾਹਿਬ ਕਹਿੰਦੇ ਹਨ ਜਿਹੜੇ ਸਤਿਗੁਰੂ ਦੀ ਸ਼ਰਣ ਸੰਗਤ ਨਹੀਂ ਆਉਂਦੇ ਗੁਰੂ ਦੇ ਗੁਣ ਧਾਰਨ ਨਹੀਂ ਕਰਦੇ ਜੋ ਉਹਨਾਂ ਨੇ ਜੀਵਨ ਜੀਉ ਲਿਆ ਹੈ ਉਸਨੂੰ ਵੀ ਧ੍ਰਿਕਾਰ ਹੈ ਅਤੇ ਜੋ ਅੱਗੇ ਜਿਉਣਗੇ ਉਸ ਨੂੰ ਵੀ ਲਾਅਨਤ ਹੈ । ਗੁਰੂ ਦੇ ਗੁਣ ਮੇਰੇ ਤੁਹਾਡੇ ਵਿੱਚ ਆ ਜਾਣੇ ਹੀ ਗੁਰੂ ਦੀ ਸੰਗਤ ਹੈ ।
ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਸਤਿਸੰਗਤਿ ਦੀ ਪ੍ਰੀਭਾਸ਼ਾ ਇਉ ਦਿੰਦੇ ਹਨ ।

ਸਤਿਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥</ br>
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ ਅੰਗ 73

ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਕਿਸ ਤਰਾਂ ਦੇ ਇਕੱਠ ਨੂੰ ਸਤਿਸੰਗਤ ਸਮਝਣਾ ਚਾਹੀਦਾ ਹੈ ? ਜਿਸ ਸੰਗਤ ਵਿਚ ਸਿਰਫ ਇਕ ਸੱਚੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੋਵੇ ਉਸ ਨੂੰ ਸਤਿਸੰਗਤਿ ਕਹਿੰਦੇ ਹਨ ਮੇਰੇ ਸਤਿਗੁਰੂ ਨੇ ਮੈਨੂੰ ਸੋਝੀ ਦਿਤੀ ਹੈ ਕਿ ਪ੍ਰਮਾਤਮਾ ਦਾ ਨਾਮ ਸਤਿਸੰਗਤਿ ਵਿੱਚ ਜਪਨਾ ਹੀ ਪ੍ਰਮਾਤਮਾ ਦਾ ਹੁਕਮ ਹੈ ਭਾਵੇਂ ਲੋਕ ਗਿਣਤੀ ਵਿੱਚ ਥੋੜੇ ਹੀ ਹੋਣ ।
ਲੋਕਾਂ ਦੀ ਬਹੁਤ ਵੱਡੀ ਭੀੜ ਨੂੰ ਸਤਿਸੰਗਤਿ ਨਹੀਂ ਕਹਿ ਸਕਦੇ ਰਾਜਨੀਤਿਕ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹੁੰਦੇ ਹਨ ਪਰ ਕਦੀ ਵੀ ਕਿਸੇ ਨੇ ਉਸ ਨੂੰ ਸਤਿਸੰਗਤਿ ਕਰ ਕੇ ਸੰਬੋਧਨ ਨਹੀਂ ਕੀਤਾ ਕਿਸੇ ਸਮਾਜਕ ਮੇਲੇ ਵਿੱਚ ਬਹੁਤ ਭੀੜ ਹੁੰਦੀ ਹੈ ਪਰ ਉਸ ਨੂੰ ਕੋਈ ਸਤਿ ਸੰਗਤ ਨਹੀ ਕਹਿਦਾਂ ।

ਮਿਲਿ ਸਤਿਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ ਅੰਗ 94

ਗੁਰੂ ਰਾਮਦਾਸ ਜੀ ਦੱਸਦੇ ਹਨ ਕਿ ਸਤਿ ਸੰਗਤਿ ਵਿਚ ਜਾ ਕੇ ਹੀ ਪਤਾ ਲੱਗਾ ਕਿ ਸੰਗਤ ਵਿੱਚ ਹੀ ਹਰੀ ਪ੍ਰਭੂ ਵੱਸਦਾ ਹੈ ਕਿਉਂਕਿ ਉੱਥੇ ਹਰੀ ਦੇ ਗੁਣਾਂ ਦੀ ਉਪਮਾ ਹੁੰਦੀ ਹੈ ।

ਤਿਤੁ ਜਾਇ ਬਹਹੁ ਸਤਿਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਲੋਈਐ ॥ ਅੰਗ 587

ਉਸ ਸੰਗਤ ਵਿਚ ਜਾ ਕਿ ਬੈਠਨਾ ਚਾਹੀਦਾ ਹੈ ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੋਵੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਜੀ ਨੇ ਦੋ ਤਰਾਂ ਦੀ ਸੰਗਤ ਦਾ ਜ਼ਿਕਰ ਕੀਤਾ ਹੈ ।

    1. ਕੁਸੰਗਤ (ਮਾੜੀ ਸੰਗਤ) :

      ਕੁਸੰਗਤਿ ਬਹਹਿ ਸਦਾ ਦੁਖੁ ਪਾਵੈ ਦੁਖੋ ਦੁਖੁ ਕਮਾਇਆ ॥ ਅੰਗ 1069

      ਗੁਰੂ ਅਮਰਦਾਸ ਜੀ ਮਾਰੂ ਰਾਗ ਵਿੱਚ ਦਸਦੇ ਹਨ ਕਿ ਬੁਰੀ ਸੋਹਬਤ ਵਿਚ ਬੈਠਣ ਨਾਲ ਹਮੇਸ਼ਾ ਦੁੱਖ ਹੀ ਮਿਲਦੇ ਹਨ ।

      ਕਬੀਰ ਮਾਰੀ ਮਰਊ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥  ਉਹ ਝੂਲੇ ਉਹ ਚੀਰੀਏ ਸਾਕਤ ਸੰਗਿ ਨਾ ਹੇਰਿ ॥ ਅੰਗ 1369

      ਕਬੀਰ ਜੀ ਕਹਿੰਦੇ ਹਨ ਕਿ ਮਾੜੀ ਸੰਗਤ ਇਸ ਤਰਾਂ ਹੁੰਦੀ ਹੈ ਜਿਵੇਂ ਬੇਰੀ ਦੇ ਦਰੱਖਤ ਲਾਗੇ ਕੋਈ ਕੇਲੇ ਦਾ ਪੇੜ ਹੋਵੇ ਜਦੋਂ ਹਵਾ ਚੱਲਦੀ ਹੈ ਤਾਂ ਬੇਰੀ ਦੇ ਕੰਡਿਆਂ ਨਾਲ ਕੇਲੇ ਦੇ ਪੱਤਰ ਚੀਰੇ ਜਾਂਦੇ ਹਨ ਇਸੇ ਤਰ੍ਹਾਂ ਜਦੋਂ ਅਸੀਂ ਵੀ ਮਾੜੀ ਸੰਗਤ ਅਤੇ ਸਾਕਤ (ਰੱਬ ਨਾਲੋਂ ਟੁੱਟੇ ਮਨੁੱਖ) ਦੀ ਸੰਗਤ ਕਰਦੇ ਹਾਂ ਤਾਂ ਸਾਡਾ ਮਨ , ਬੁੱਧ ਅਤੇ ਅੰਤਿਸ਼ਕਰਣ ਮਲੀਨ ਹੋ ਜਾਂਦੇ ਹਨ ।

    2. ਸਤਿਸੰਗਤਿ ( ਗੁਣਾਂ ਨਾਲ ਭਰਪੂਰ ਸੰਗਤ ):

      ਗੁਰਬਾਣੀ ਮੁਤਾਬਕ ਜਿਥੇ ਬਿਬੇਕ ਦੀ ਬਿਚਾਰ ਹੋਵੇ ਉਸ ਨੂੰ ਸਤਿ ਸੰਗਤਿ ਕਹਿੰਦੇ ਹਨ ।

      ਸਤਿਸੰਗਤਿ ਮਹਿ ਨਾਮੁ ਹਰਿ ਉਪਜੈ ਜੇ ਸਤਿਗੁਰ ਮਿਲੈ ਸੁਭਾਏ ॥ ਅੰਗ 67

ਸਤਿ ਸੰਗਤਿ ਵਿੱਚ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੁੰਦੀ ਹੈ ਅਤੇ ਸਹਿਜ ਸੁਭਾਏ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਚੰਗੀ ਕਿਸਮਤ ਤੋਂ ਬਿਨਾ ਸਤਿਸੰਗਤਿ ਨਹੀਂ ਮਿਲਦੀ ਅਤੇ ਸਤਿਸੰਗਤਿ ਤੋ ਬਿਨਾਂ ਮਨ ਵਿਕਾਰਾਂ ਦੀ ਮੈਲ ਨਾਲ ਮਲੀਨ ਹੋ ਜਾਂਦਾ ਹੈ ਅਤੇ ਹਮੇਸ਼ਾ ਪ੍ਰਭੂ ਨਾਲੋ ਟੁੱਟਿਆ ਰਹਿੰਦਾ ਹੈ ।

ਬਿਨੁ ਭਾਗਾ ਸਤਿਸੰਗੁ ਨਾ ਲਭੈ ॥ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥ ਅੰਗ 98

ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ ਅੰਗ 219
ਗੁਰੂ ਤੇਗ਼ ਬਹਾਦਰ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਸੰਤ ਜਨੋ ਹੰਕਾਰ ਕਾਮ ਕ੍ਰੋਧ ਅਤੇ ਰੱਬ ਨਾਲੋ ਟੁੱਟੇ ਮਨੁੱਖ ਦੀ ਸੰਗਤ ਕਰਨੀ ਛੱਡ ਦੇਵੋ ਜੀ ।

ਪ੍ਰੇਮ ਅਤੇ ਨਿਮਰਤਾ ਸਹਿਤ
ਤਰਲੋਚਨ ਸਿੰਘ ਮੁਲਤਾਨੀ

Daily Programs

Gurmat Sangeet Classes

Unleash your musical potential and join us for unforgettable Gurmat classes! Enroll now and embark on a journey to perfect your sound.
Every Tuesday / Thursday: 6:30 PM to 7:30 PM CST (Please register in person)

Participate with your Time in (Gurmat School | Karseva | Langar)

OR Contribute to Projects
Zelle Pay