ਅੰਮ੍ਰਿਤ ( ਖੰਡੇ ਦੀ ਪਹੁਲ )
ਗੁਰਬਾਣੀ ਮੁਤਾਬਿਕ ਅੰਮ੍ਰਿਤ ਕੀ ਹੈ?
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮੁ ॥ ਹਊਮੈ ਮਾਇਆ ਬਿਖੁ ਹੈ ਮੇਰੀ ਜਿੰਦੜੀਏ ਹਰਿ ਅੰਮ੍ਰਿਤ ਬਿਖੁ ਲਹਿ ਜਾਏ ਰਾਮ ॥ ਅੰਗ 538
ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਹਨ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਪਰ ਇਸ ਦੀ ਪ੍ਰਪਤੀ ਪੂਰੇ ਗੁਰੂ ਪਾਸੋਂ ਹੁੰਦੀ ਹੈ ਇਸ ਨਾਲ ਹਊਮੈ ਅਤੇ ਮਾਇਆ ਵਰਗੀਆਂ ਸਾਰੀਆ ਜ਼ਹਿਰਾਂ ਮਨੁ ਵਿੱਚੋਂ ਖਤਮ ਹੋ ਜਾਂਦੀਆਂ ਹਨ।
ਅੰਮ੍ਰਿਤ ਮਿਲਦਾ ਕਿੱਥੋਂ ਹੈ?
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੋ ਅੰਮ੍ਰਿਤੁ ਗੁਰਿ ਤੇ ਪਾਇਆ ॥ ਅੰਗ 918
ਗੁਰੂ ਅਮਰ ਦਾਸ ਜੀ ਕਹਿੰਦੇ ਹਨ ਕਿ ਜਿਹੜਾ ਅੰਮ੍ਰਿਤ ਦੇਵਤੇ , ਮਨੁਖ ਅਤੇ ਮੁਨੀ ਜਨ ਲੱਭਦੇ ਫਿਰਦੇ ਹਨ ਉਹ ਅੰਮ੍ਰਿਤ ਮੈਂ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨਾ ਜਾਣਾ ਦੂਆ ਤੀਆ ॥ ਅੰਗ 1034
ਗੁਰੂ ਸਾਹਿਬ ਦਸ ਰਹੇ ਹਨ ਪੂਰੇ ਗੁਰੂ ਨੇ ਮੈਨੂੰ ਸ਼ਬਦ ਰੂਪੀ ਅੰਮ੍ਰਿਤ ਦਿੱਤਾ ਮੈਨੂੰ ਹੁਣ ਸਾਰਿਆਂ ਵਿਚ ਓੁਹ ਇੱਕ ਪ੍ਰਮਾਤਮਾ ਹੀ ਨਜ਼ਰ ਆਉਦਾ ਹੈ, ਜੇ ਦੂਜਿਆ ਵਿੱਚ ਸਾਨੂੰ ਗੁਰੂ ਦਾ ਅੰਮ੍ਰਿਤ ਲੈ ਕਿ ਵੀ ਇੱਕ ਰੱਬ ਨਜ਼ਰ ਨਹੀ ਆ ਰਿਹਾ ਤਾਂ ਸਮਝੋ ਅਜੇ ਅਸੀ ਅੰਮ੍ਰਿਤ ਤੋ ਕੋਹਾ ਮੀਲ ਦੂਰ ਹਾ ।
ਸਿੱਖੀ ਦੇ ਜਿਸ ਮਹੱਲ ਦੀ ਨੀਂਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਉਸ ਨੂੰ ਬਾਕੀ ਗੁਰੂ ਸਾਹਿਬਾ ਨੇ ਸੇਵਾ , ਸਿਮਰਨ , ਨਿਮਰਤਾ , ਸਾਂਝੀਵਾਲਤਾ , ਪ੍ਰੇਮ ਪਿਆਰ ਅਤੇ ਕਰਮ ਧਰਮ ਦੇ ਉੱਚੇ ਸੁੱਚੇ ਆਦਰਸ਼ਾਂ ਨਾਲ ਸ਼ਿੰਗਾਰਿਆ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਦੁਸ਼ਟ ਦਮਨ ਤੇ ਸਰਬ ਸਾਂਝੇ ਖ਼ਾਲਸੇ ਨੂੰ ਪ੍ਰਗਟ ਕਰਕੇ ਇਸ ਨੂੰ ਅੰਤਿਮ ਛੋਹ ਪ੍ਰਦਾਨ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਮਾਣੇ , ਨਿਤਾਣੇ , ਬੇਬਸ ਅਤੇ ਕਮਜ਼ੋਰ ਲੋਕਾਂ ਨੂੰ ਪੈਰਾਂ ਤੇ ਖੜਾ ਕਰਨ ਲਈ, ਉਹਨਾਂ ਵਿੱਚ ਨਵਾਂ ਜੋਸ਼ , ਬੀਰਤਾ , ਕੁਰਬਾਨੀ , ਅੱਨਖ, ਸਵੈਮਾਨਤਾ, ਨਿਰਭੈਤਾ ਅਤੇ ਦ੍ਰਿੜਤਾ ਦੀ ਨਵੀ ਰੂਹ ਪੈਂਦਾ ਕਰਨ ਲਈ ਇਤਹਾਸਿਕ ਕ੍ਰਿਸ਼ਮਾ ਕਰ ਦਿਖਾਇਆ। ਇਸ ਬਾਰੇ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ।
ਜਿਨ ਕੀ ਜਾਤ ਬਰਨ ਕੁਲ ਮਾਹੀ ।
ਸਰਦਾਰੀ ਨਹਿ ਭਈ ਕਦਾਈਂ ।
ਤਿੰਨ ਹੀ ਕੋ ਸਰਦਾਰ ਬਨਾਵੋ ।
ਤਬੇ ਗੋਬਿੰਦ ਸਿੰਘ ਨਾਮ ਕਹਾਵੋ ।
ਖ਼ਾਲਸੇ ਨੂੰ ਪ੍ਰਗਟ ਕਰਨ ਵਿੱਚ ਤਕਰੀਬਨ 239 ਸਾਲ ਲੱਗੇ ਹਰਿ ਧਰਮ ਵਿੱਚ ਆਪਣੇ ਆਪਣੇ ਢੰਗ ਨਾਲ ਦੀਕਸ਼ਾ ਦਿੱਤੀ ਜਾਂਦੀ ਹੈ। ਦੋ ਲਫ਼ਜ਼ ਹਨ ਇੱਕ ਹੈ ਸ਼ੀਕਸ਼ਾ ਅਤੇ ਦੂਜਾ ਹੈ ਦੀਕਸ਼ਾਂ, ਸ਼ੀਕਸ਼ਾ ਜੋ ਅਸੀ ਹਰ ਰੋਜ਼ ਪਾਠ ਕਰਕੇ ਕੀਰਤਨ ਸੁਣ ਕਿ ਅਤੇ ਕੱਥਾ ਸੁਣ ਕਿ ਗੁਰਦੁਆਰਿਆ, ਮੰਦਰਾ ਅਤੇ ਮੱਸਜਿਦਾ ਵਿੱਚੋਂ ਲੈਦੇ ਹਾਂ, ਪਰ ਦੀਕਸ਼ਾ ਜੀਵਨ ਵਿਚ ਇੱਕ ਵਾਰ ਗੁਰੂ ਕੋਲੋ ਲਈ ਜਾਦੀ ਹੈ ।
ਜਿਸ ਤਰਾਂ ਸੰਸਾਰ ਵਿਚ ਪ੍ਰਵੇਸ਼ ਕਰਣ ਲਈ ਮਾਂ ਦੇ ਗਰਬ ਵਿੱਚੋਂ ਆਉਣਾ ਪੈਂਦਾ ਹੈ ਹੋਰ ਕੋਈ ਦੂਜਾ ਰਸਤਾ ਨਹੀ ਇਸੇ ਤਰਾਂ ਨਿਰੰਕਾਰ ਵਿੱਚ ਪ੍ਰਵੇਸ਼ ਕਰਨ ਲਈ ਤੁਹਾਨੂੰ ਗੁਰੂ ਨਾਲ ਜੁੜਨਾ ਪੈਣਾ ਹੈ ।
ਭਾਈ ਰੇ ਗੁਰ ਬਿਨ ਗਿਆਨ ਨਾ ਹੋਇ ॥ ਪੂਛਹੁ ਬ੍ਰਹਮੇ ਨਾਰਦੇ ਬੇਦ ਬਿਆਸੇ ਕੋਇ ॥ ਅੰਗ 59
ਗੁਰੂ ਜੀ ਦੱਸਦੇ ਹਨ ਕਿ ਬੇਦ ਵਿਆਸ ਜੀ ਬ੍ਰਹਮਾ ਜੀ ਨਾਰਦ ਜੀ ਤੇ ਹੋਰ ਵੱਡੇ ਰਿੱਸ਼ੀਆ ਤੋਂ ਪੁੱਛ ਲੈ ਕਿ ਗੁਰੂ ਤੋਂ ਬਿਨਾ ਪ੍ਰਮਾਤਮਾ ਦੇ ਘਰ ਵਿਚ ਤੈਨੂੰ ਦਾਖਲਾ ਨਹੀ ਮਿਲਣਾ, ਪੁੱਜਣਾ ਤਾਂ ਬੜੀ ਦੂਰ ਦੀ ਗੱਲ ਹੈ ।
ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥ ਅੰਗ 1401
ਭੱਟ ਜੀ ਕਹਿੰਦੇ ਹਨ ਕਿ ਗੁਰੂ ਹੀ ਪ੍ਰਮਾਤਮਾ ਨੂੰ ਮਿਲ਼ਾ ਸਕਦਾ ਹੈ। ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਲਈ ਖੰਡੇ ਬਾਟੇ ਦੀ ਪਹੁਲ ਦੀ ਇਹ ਵਿਧੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਕੇਸਗੜ ਸਾਹਿਬ ਦੇ ਸਥਾਨ ਤੇ ਪਾਣੀ ਦੇ ਬਾਟੇ ਵਿੱਚ ਦ੍ਰਿਸ਼ਟੀ ਨਾਲ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਹੁਲ ਦੇ ਕਿ ਪੰਜ ਕਕਾਰ ਅਤੇ ਰਹਿਤ ਬਹਿਤ ਦੇ ਧਾਰਣੀ ਬਣਾਕੇ ਖਾਲਸਾ ਪ੍ਰਗਟ ਕੀਤਾ ਅਤੇ ਆਪ ਉਹਨਾਂ ਪੰਜਾਂ ਪਿਆਰਿਆਂ ਕੋਲੋ ਖੰਡੇ ਦੀ ਪਹੁਲ ਲੈ ਕਿ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਅਤੇ ਗੁਰੂ ਅਤੇ ਚੇਲੇ ਦਾ ਭੇਦ ਮਿਟਾ ਦਿੱਤਾ ਤੇ ਉਸ ਦਿਨ ਤੋਂ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਇਹ ਲੀਹ ਚਲਾਈ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਤਿਆਰ ਬਰ ਤਿਆਰ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖੰਡੇ ਦੀ ਪਹੁਲ ਉਸੇ ਵਿਧੀ ਨਾਲ ਦਿੰਦੇ ਹਨ ।
ਫਲ ਕਾਰਨ ਫੂਲੀ ਬਨਰਾਇ ॥
ਫਲੁ ਲਾਗਾ ਤਾ ਫੂਲੁ ਬਿਲਾਇ॥
ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਾ ਕਰਮਹਿ ਨਾਸੁ॥ ਅੰਗ 1167
ਭਗਤ ਰਵੀਦਾਸ ਜੀ ਕਹਿੰਦੇ ਹਨ ਕਿ ਬਨਸਪਤੀ ਨੂੰ ਫੁੱਲ ਇਸ ਕਰਕੇ ਲੱਗੇ ਸਨ ਕਿ ਇਸ ਤੋਂ ਬਾਅਦ ਫੱਲ ਲੱਗਣਗੇ। ਸਾਨੂੰ ਗੁਰੂ ਸਾਹਿਬ ਨੇ ਪੰਜ ਬਾਣੀਆਂ, ਪੰਜ ਕਕਾਰ ਅਤੇ ਰਹਿਤ ਬਹਿਤ ਦੇ ਫੁੱਲ ਲਾਏ ਸਨ ਅਸੀ ਉਹਨਾਂ ਫੁੱਲਾਂ ਵਿਚ ਅਟਕ ਗਏ ਗੁਰਬਾਣੀ ਅਨੁਸਾਰ ਜੀਵਨ ਢਾਲ ਕਿ ਸਤਿ, ਸੰਤੋਖ, ਦਇਆ, ਧਰਮ ਅਤੇ ਚੰਗੇ ਗੁਣਾਂ ਦੇ ਫਲ ਨਹੀ ਲਾ ਸਕੇ। ਗਿਆਨ ਦੀ ਪ੍ਰਾਪਤੀ ਵਾਸਤੇ ਕਈ ਕਰਮ ਕੀਤਿਆਂ ਅਗਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਤਾਂ ਕਰਮ ਕਾਂਡ ਖਤਮ ਹੋਣੇ ਚਾਹੀਦੇ ਸਨ। ਪਰ ਜੇ ਕਰਮ ਕਾਂਡ ਅਜੇ ਚੱਲ ਰਹੇ ਹਨ ਤਾਂ ਸਮਝੋ ਗਿਆਨ ਦੀ ਪ੍ਰਾਪਤੀ ਨਹੀ ਹੋਈ। ਗੁਰੂ ਜੀ ਦਾ ਅੰਮ੍ਰਿਤ ਪ੍ਰਾਪਤ ਕਰ ਚੁੱਕੇ ਸਾਰੇ ਪ੍ਰਾਣੀਆਂ ਨੂੰ ਭਗਤ ਰਵੀਦਾਸ ਜੀ ਦੇ ਇੰਨਾਂ ਬਚਨਾਂ ਨਾਲ ਆਪਣੇ ਆਪ ਨੂੰ ਤੋਲਣਾ ਚਾਹੀਦਾ ਹੈ ਜੇ ਨਹੀ ਤਾ ਦੈਵੀ ਗੁਣਾਂ ਦੇ ਫਲ਼ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਜੀ, ਤਾ ਜੋ ਬਾਕੀ ਮਨੁੱਖਤਾ ਵੀ ਆਪ ਜੀ ਨੂੰ ਅਦਰਸ਼ ਬਣਾ ਕਿ ਗੁਰੂ ਵਾਲੇ ਬਨਣ ਵਾਸਤੇ ਅੰਮ੍ਰਿਤ ਛਕਣ ਲਈ ਤਿਆਰ ਹੋਣ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਜੋ ਸਾਜਨਾ ਕੀਤੀ ਸੀ ਉਹ ਕੋਈ ਮਮੂਲੀ ਜਿਹੀ ਘਟਨਾ ਨਹੀ ਸੀ ਇਹ ਸਿੱਖ ਇਤਿਹਾਸ ਦਾ ਉਹ ਕਾਂਢ ਹੈ ਜਿਸਦਾ ਅਸਰ ਸਾਰੇ ਸਿੱਖ ਇਤਿਹਾਸ ਤੇ ਪਿਆ ਹੈ 1699 ਤੋਂ ਪਿੱਛੋਂ ਦਾ ਸਿੱਖ ਇਤਿਹਾਸ ਖੂਨੀ ਪੱਤਰਿਆਂ ਅਤੇ ਲਹੂ ਭਿੱਜੀ ਕਲਮ ਨਾਲ ਲਿਖਿਆ ਹੋਇਆ ਹੈ ।
ਅੱਜ ਕੌਮ ਸੰਕਟ ਮਈ ਕਾਲ ਵਿੱਚੋਂ ਲੰਘ ਰਹੀ ਹੈ ਇਸ ਸੰਕਟ ਵਿੱਚੋਂ ਸਫਲਤਾ ਪੂਰਵਕ ਨਿਕਲਣ ਅਤੇ ਔਕੜਾਂ ਦਾ ਟਾਕਰਾ ਕਰਨ ਲਈ ਇਕੋ ਇੱਕ ਢੰਗ ਹੈ ਕਿ ਹਰ ਸਿਖ ਅੰਮ੍ਰਿਤ ਛਕੇ। ਅੱਜ ਖ਼ਾਲਸੇ ਨੂੰ ਪ੍ਰਗਟ ਹੋਏ ਤਕਰੀਬਨ 326 ਸਾਲ ਹੋ ਗਏ ਹਨ ਆਓੁ ਪ੍ਰਣ ਕਰੀਏ ਕਿ 2025 ਦੀ ਵਿਸਾਖੀ ਤੇ ਅੰਮ੍ਰਿਤ ਛਕ ਕੇ ਗੁਰੂ ਸਾਹਿਬ ਦੀ ਚਲਾਈ ਇਸ ਲਹਿਰ ਵਿੱਚ ਪੂਰਾ ਯੋਗਦਾਨ ਪਾਈਏ, ਸਿਖੀ ਸਰੂਪ ਨੂੰ ਬਚਾਉਣ ਅਤੇ ਆਪਣੀ ਹੋਂਦ ਕਾਇਮ ਰੱਖਣ ਦਾ ਇਹ ਇੱਕੋ ਇੱਕ ਵਸੀਲਾ ਹੈ ਸਭ ਸ਼ਕਤੀਆਂ ਅਤੇ ਵੱਡਆਈਆਂ ਸਿੰਘਾ ਦੇ ਦਰ ਤੇ ਤਾਂ ਹੀ ਹਾਜ਼ਰ ਹੋਣਗੀਆਂ ਜੇ ਅਸੀ ਗੁਰੂ ਵਾਲੇ ਬਣ ਕਿ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਨੂੰ ਮੰਨਣ ਵਿਚ ਫਕਰ ਮਹਿਸੂਸ ਕਰੀਏ ।
– ਤਰਲੋਚਨ ਸਿੰਘ ਮੁਲਤਾਨੀ