ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਦਸਾਂ ਗੁਰੂ ਸਾਹਿਬਾਨ ਦੀ ਜਾਗਦੀ ਜੋਤ ਹਨ । ਪ੍ਰਮਾਤਮਾ ਦੀ ਜੋਤ ਜੋ ਗੁਰੂ ਨਾਨਕ ਦੇਵ ਜੀ ਵਿੱਚ ਪ੍ਰਗਟ ਹੋਈ ਅਤੇ ਉਹੀ ਜੋਤ ਦਸਾਂ ਗੁਰੂ ਸਾਹਿਬਾਨ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਣ ਟਿਕੀ ਜਿਸ ਬਾਰੇ ਭੱਟ ਮਥਰਾ ਜੀ ਲਿਖਦੇ ਹਨ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗ 1408
ਕਲਗੀਧਰ ਪਾਤਸ਼ਾਹ ਜੀ ਨੇ ਸੰਨ 1708 ਨੂੰ ਹਜੂਰ ਸਾਹਿਬ (ਨਦੇੜ) ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਕੇ ਦੇਹ ਗੁਰੂ ਦੀ ਪ੍ਰਥਾ ਖਤਮ ਕੀਤੀ ਅਤੇ ਸਾਨੂੰ ਸ਼ਬਦ ਗੁਰੂ ਦੇ ਲੱੜ ਲੱਗਣ ਦਾ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਜਿਸ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਨੂੰ ਜੋੜ ਕੇ ਗਏ ਹਨ ਉਸ ਗੁਰੂ ਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ । ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹੈਯਾਤੀ ਵਿੱਚ ਹੀ ਕਰ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਗ੍ਰੰਥ ਪੋਥੀ ਸਾਹਿਬ ਦੇ ਰੂਪ ਵਿੱਚ ਆਪਣੇ ਪਾਸ ਹਮੇਸ਼ਾ ਰੱਖਦੇ ਸਨ ਜਿਸਨੂੰ ਇਸਲਾਮ ਵਿੱਚ ਕਿਤਾਬ ਕਹਿੰਦੇ ਹਨ ਬਗ੍ਦਾਦ ਅਤੇ ਮੱਕੇ ਦੀ ਯਾਤਰਾ ਸਮੇਂ ਕਾਜ਼ੀ ਮੁੱਲਾਂ ਗੁਰੂ ਨਾਨਕ ਦੇਵ ਜੀ ਨਾਲ਼ ਇਸੇ ਕਿਤਾਬ ਦੀ ਗੱਲ ਕਰਦੇ ਹਨ ਜਿਸ ਦੀ ਹਾਮੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਭਰੀ ਹੈ:
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ॥ ਵਾਰ ੧
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕੇ ਮੁਸਲ ਮਾਨੋਈ ॥ ਵਾਰ ੧
ਇਹਨਾਂ ਵਾਰਾਂ ਤੋਂ ਪਤਾ ਚਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਜੋ ਬਾਣੀ ਉਚਾਰਣ ਕਰਦੇ ਸਨ ਉਸ ਨੂੰ ਪੋਥੀ ਵਿੱਚ ਦਰਜ ਕਰ ਲੈਂਦੇ ਸਨ ਜੋ ਉਹਨਾਂ ਪਾਸ ਹਮੇਸ਼ਾ ਰਹਿੰਦੀ ਸੀ ।
ਗੁਰੂ ਪੰਥ ਚਲਾਉਣ ਬਾਰੇ ਵੀ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਲਿਖਦੇ ਹਨ ।
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ ॥ ਵਾਰ ੧
ਇਸ ਵਾਰ ਤੋਂ ਪਤਾ ਚਲਦਾ ਹੈ ਕਿ ਗੁਰੂ ਪੰਥ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਚਲਾ ਦਿੱਤਾ ਸੀ, ਬਾਬਾ ਫ਼ਰੀਦ ਜੀ ਨੇ ਵੀ ਆਪਣੀ ਬਾਣੀ ਵਿੱਚ ਪੰਥ ਭਾਵ ਅਧਿਆਤਮਿਕ ਰਸਤੇ ਦੀ ਗੱਲ ਕੀਤੀ ਹੈ :
ਵਾਟ ਹਮਾਰੀ ਖਰੀ ਉਡੀਣੀ ਖੰਨਿਅਹੁ ਤਿਖੀ ਬਹੁਤ ਪਈਣੀ ॥ ਉਸੁ ਊਪਰਿ ਹੈ ਮਾਰਗੁ ਮੇਰਾ ॥ ਸੇਖ ਫ਼ਰੀਦਾ ਪੰਥੁ ਸਮਾਰਿ ਸਵੇਰਾ ॥ ਅੰਗ 794.
ਪੰਥ ਤੋਂ ਭਾਵ ਹੈ ਰਸਤਾ, ਪੰਥ ਭਾਵੇਂ ਸੰਸਾਰ ਦਾ ਹੋਵੇ ਭਾਵੇਂ ਨਿਰੰਕਾਰ ਦਾ ਜੇ ਭੁੱਲ ਜਾਵੇ ਤਾਂ ਮੰਜ਼ਲ ਤੇ ਨਹੀਂ ਪਹੁੰਚਿਆ ਜਾ ਸਕਦਾ ਪੰਥ ਤੋਂ ਭਟਕੇ ਹੋਏ ਵਾਸਤੇ ਦਿਸ਼ਾ ਨਿਰਦੇਸ਼ ਲਈ ਗ੍ਰੰਥ ਦੀ ਜ਼ਰੂਰਤ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਪੋਥੀ ਸਾਹਿਬ ਵਿੱਚ 19 ਰਾਗਾਂ ਵਿੱਚ 974 ਆਪਣੇ ਸ਼ਬਦ ਅਤੇ ਆਪਣੀਆਂ ਚਾਰ ਉਦਾਸੀਆਂ ਵਿੱਚ 14 ਭਗਤਾਂ ਦੀ ਬਾਣੀ ਵੀ ਇਕੱਠੀ ਕਰ ਕੇ ਲਿਆਂਦੀ ਜੋ ਉਹਨਾਂ ਨੇ ਆਪਣੇ ਸਰੀਰ ਦਾ ਓਹਲਾ ਕਰਣ ਤੋਂ ਪਹਿਲਾਂ ਇਹ ਬਾਣੀ ਦੀ ਪੋਥੀ ਬਾਬਾ ਲਹਿਣਾ ਜੀ ਦੇ ਹਵਾਲੇ ਕਰ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਉਚਾਰੇ 63 ਸਲੋਕਾਂ ਦੀ ਪੋਥੀ ਅਤੇ ਗੁਰੂ ਨਾਨਕ ਜੀ ਦੀ ਪੋਥੀ ਸੱਚ ਖੰਡ ਜਾਣ ਤੋਂ ਪਹਿਲਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੀ ਕੱਚੀ ਬਾਣੀ ਦੀ ਰਚਨਾ ਹੋਣੀ ਸ਼ੁਰੂ ਹੋ ਗਈ ਸੀ ਜਿਸ ਦਾ ਜਿਕਰ ਗੁਰੂ ਸਾਹਿਬ ਜੀ ਨੇ ਅਨੰਦ ਸਾਹਿਬ ਦੀ ਬਾਣੀ ਵਿੱਚ ਸੱਚੀ ਬਾਣੀ ਜੋ ਧੁਰ ਦਰਗਾਹੋਂ ਗੁਰੂਆਂ ਅਤੇ ਭਗਤਾਂ ਦੁਆਰਾ ਆਈ ਅਤੇ ਕੱਚੀ ਬਾਣੀ ਜੋ ਆਮ ਮਨੁੱਖਾਂ ਦੁਆਰਾ ਆਪਣੀ ਬੁੱਧੀ ਦੁਆਰਾ ਉਚਾਰੀ ਗਈ ਦਾ ਜ਼ਿਕਰ ਕੀਤਾ ਹੈ ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਅੰਗ 920ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ਬਾਣੀ ਤਾ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ਅੰਗ 920
ਗੁਰੂ ਅਮਰਦਾਸ ਜੀ ਦੇ 17 ਰਾਗਾਂ ਵਿੱਚ 907 ਸ਼ਬਦਾਂ ਦੀ ਪੋਥੀ ਤੇ ਦੋ ਪਹਿਲੇ ਗੁਰੂ ਸਾਹਿਬਾਨ ਦੀਆਂ ਤਿੰਨੇ ਪੋਥੀਆਂ ਜੋ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੇ ਪੜਨ ਵਾਸਤੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਪਾਸੋਂ ਲਈਆਂ ਅਤੇ ਆਪਣੇ ਪਾਸ ਹੀ ਰੱਖ ਲਈਆਂ ਸਨ । ਸ਼੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ 679 ਸ਼ਬਦਾਂ ਦੀ ਰਚਨਾ ਕੀਤੀ ਅਤੇ ਧੁਰ ਕੀ ਇਸ ਬਾਣੀ ਦੀ ਆਪਣੀ ਪੋਥੀ ਗੁਰੂ ਅਰਜਨ ਦੇਵ ਜੀ ਦੇ ਸਪੁਰਦ ਕਰ ਦਿੱਤੀ। ਸੰਨ 1681 ਵਿੱਚ ਜਦ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਗੱਦੀ ਤੇ ਬੈਠੇ ਤਾਂ ਉਨ੍ਹਾਂ ਨੂੰ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵੱਡਾ ਹੋਣ ਦੇ ਨਾਤੇ ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਮਹੰਤਾਂ ਨਾਲ ਰਲ ਕਿ ਪ੍ਰਿਥੀ ਚੰਦ ਨੇ ਗੁਰੂ ਘਰ ਦੀ ਸਾਰੀ ਅਰਥ ਵਿਵਸਥਾ ਤੇ ਕਬਜ਼ਾ ਤਾ ਕਰ ਲਿਆ ਸੀ ਪਰ ਹੁਣ ਉਹ ਗੁਰੂ ਸ਼ਬਦ ਵਿੱਚ ਵੀ ਆਪਣੇ ਪੁੱਤਰ ਮਿਹਰਬਾਨ ਦੁਆਰਾ ਰਲਗਡ ਕਰਨਾ ਚਾਹੁੰਦਾ ਸੀ ਕਿਉਂਕਿ ਕਿ ਮਿਹਰਬਾਨ ਜੋ ਕਵਿਤਾ ਲਿਖਦਾ ਸੀ ਅਤੇ ਉਸ ਦੀ ਸਮਾਪਤੀ ਗੁਰੂ ਨਾਨਕ ਨਾਮ ਨਾਲ ਕਰਦਾ ਸੀ, ਕਹਿੰਦਾ ਸੀ ਕਿ ਇਹ ਗੁਰੂ ਨਾਨਕ ਜੀ ਦੀ ਬਾਣੀ ਹੈ ਸਿੱਖਾਂ ਨੇ ਇਹ ਖ਼ਬਰ ਜਦ ਗੁਰੂ ਅਰਜਨ ਦੇਵ ਜੀ ਨੂੰ ਦਿਤੀ ਤਾ ਗੁਰੂ ਸਾਹਿਬ ਨੇ ਸੰਨ 1599 ਵਿੱਚ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਕਰਨ ਦਾ ਫ਼ੈਸਲਾ ਲਿਆ ਨਾਲ਼ ਹੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਬਾਬਾ ਮੋਹਨ ਜੀ ਕੋਲ ਜੋ ਪੋਥੀਆਂ ਸਨ ਉਹ ਲੈਣ ਲਈ ਗੋਇੰਦਵਾਲ ਸਾਹਿਬ ਭੇਜਿਆ ਗਿਆ ਜੋ ਬਾਬਾ ਮੋਹਨ ਜੀ ਨੇ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਗੁਰੂ ਅਰਜਨ ਦੇਵ ਜੀ ਆਪ ਬਾਬਾ ਮੋਹਨ ਜੀ ਪਾਸ ਚੱਲ ਕੇ ਗਏ ਅਤੇ ਪੋਥੀਆਂ ਵਾਸਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਅਤੇ ਬਾਬਾ ਮੋਹਨ ਜੀ ਦੇ ਚੁਬਾਰੇ ਪਾਸ ਬੈਠ ਕੇ ਪ੍ਰਮਾਤਮਾ ਦੀ ਸਿਫ਼ਤ ਵਿਚ ਸ਼ਬਦ ਦਾ ਗਾਇਨ ਕੀਤਾ ।
ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ॥
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮਸਾਲਾ ॥ਅੰਗ 248
ਪ੍ਰਮਾਤਮਾ ਦੀ ਉਸਤਤ ਸੁਣ ਕਿ ਬਾਬਾ ਮੋਹਨ ਜੀ ਸਮਾਧੀ ਵਿੱਚੋਂ ਉਥਾਨ ਹੋਏ ਅਤੇ ਉਹਨਾਂ ਨੇ ਪੋਥੀਆਂ ਗੁਰੂ ਅਰਜਨ ਦੇਵ ਜੀ ਨੂੰ ਦੇ ਦਿਤੀਆਂ ਜੋ ਬਹੁਤ ਸੁੰਦਰ ਪਾਲਕੀ ਵਿੱਚ ਰੱਖ ਕਿ ਅੰਮ੍ਰਿਤਸਰ ਸਾਹਿਬ ਲਿਆਂਦੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਵਾਸਤੇ ਰਾਮਸਰ ਦਾ ਸੁੰਦਰ ਅਸਥਾਨ ਚੁਣਿਆ ਗਿਆ ਜਿਥੇ ਬਹੁਤ ਸਾਰੇ ਬੇਰੀਆਂ ਦੇ ਦਰੱਖਤਾਂ ਦੇ ਝੁੰਡ ਹੋਣ ਕਰਕੇ ਬਹੁਤ ਰਮਣੀਕ ਸਥਾਨ ਸੀ ਸੰਨ 1601 ਵਿੱਚ ਇਹ ਸੰਪਾਦਨਾਂ ਦਾ ਕਾਰਜ ਸ਼ੁਰੂ ਹੋਇਆ ਗੁਰੂ ਅਰਜਨ ਸਾਹਿਬ ਬਾਣੀ ਉਚਾਰਨ ਕਰਦੇ ਅਤੇ ਭਾਈ ਗੁਰਦਾਸ ਜੀ ਲਿਖਣ ਦੀ ਸੇਵਾ ਕਰਦੇ ਭਾਈ ਬੰਨੋ ਜੀ ਕਲਮਾਂ, ਸਿਆਹੀ ਅਤੇ ਕਾਗਜ਼ ਦਾ ਪ੍ਰਬੰਧ ਕਰਦੇ, ਉਸ ਸਮੇਂ ਆਹਲਾ ਦਰਜੇ ਦਾ ਕਾਗਜ ਕਸ਼ਮੀਰ ਤੋ ਲਿਆਂਦਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਬਾਰੇ ਸਾਰੇ ਪਾਸੇ ਚਰਚਾ ਸੀ ਇਸ ਲਈ ਉਸ ਸਮੇਂ ਦੇ ਭਗਤ ਆਪਣੀਆਂ ਰਚਨਾਵਾਂ ਲੈ ਕਿ ਅੰਮ੍ਰਿਤਸਰ ਸਾਹਿਬ ਪਹੁੰਚਣ ਲੱਗੇ ਤਾਂ ਕਿ ਉਹਨਾਂ ਦੀਆਂ ਰਚਨਾਵਾਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ ਜਾਣ ਜਿੱਨਾ ਵਿੱਚ ਕਾਹਨਾ , ਪੀਲੂ , ਛਜੂ ਅਤੇ ਸ਼ਾਹ ਹੁਸੈਨ ਦੇ ਨਾਮ ਵਰਣਨ ਯੋਗ ਹਨ ਜਿਨ੍ਹਾਂ ਦੇ ਕਲਾਮ ਗੁਰੂ ਅਰਜਨ ਸਾਹਿਬ ਜੀ ਨੇ ਸੁਣੇ ਪਰ ਗੁਰਮੱਤ ਦੀ ਕਸਵੱਟੀ ਤੇ ਪੂਰੇ ਨਾ ਉਤਰਨ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀ ਕੀਤੇ, ਇੱਕ ਭਗਤ ਜਿਸ ਦਾ ਨਾਮ ਸੂਰ ਦਾਸ ਸੀ ਉਹ ਲਾਠੀ ਦੇ ਸਹਾਰੇ ਬਿੰਦ੍ਰਾਬਨ ਤੋ ਅੰਮ੍ਰਿਤਸਰ ਪਹੁੰਚਿਆ ਅਤੇ ਗੁਰੂ ਸਾਹਿਬ ਜੀ ਨੂੰ ਆਪਣੀ ਰਚਨਾ ਦਰਜ ਕਰਨ ਲਈ ਕਿਹਾ ਜਦ ਸੂਰ ਦਾਸ ਜੀ ਨੇ ਆਪਣਾ ਕਲਾਮ ਗੁਰੂ ਸਾਹਿਬ ਨੂੰ ਸੁਣਾਉਣ ਵਾਸਤੇ ਸਾਰੰਗ ਰਾਗ ਦੀ ਧੁਨ ਅਲਾਪੀ ਤਾ ਉਹਨਾਂ ਦੀ ਆਪਣੀ ਹੀ ਸਮਾਧੀ ਲੱਗ ਗਈ ਜਦ ਉਹ ਬਹੁਤ ਸਮਾਂ ਸਮਾਧੀ ਲੀਨ ਰਹੇ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਉਹਨਾਂ ਦੀ ਇੱਕੋ ਹੀ ਪੰਗਤੀ ਦਰਜ ਕਰਨ ਲਈ ਹੁਕਮ ਕੀਤਾ ।
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥ ਅੰਗ 1253
ਗੁਰੂ ਅਰਜਨ ਸਾਹਿਬ ਜੀ ਨੇ ਆਪਣੀਆਂ ਰਚਨਾਵਾਂ ਦੇ 2218 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 30 ਰਾਗਾਂ ਵਿੱਚ ਦਰਜ ਕੀਤੇ, 11 ਭੱਟਾਂ ਦੇ 123 ਸਵਈਏ, 15 ਭਗਤਾ ਦੇ 775 ਸ਼ਬਦ, 4 ਗੁਰਸਿੱਖਾਂ ਦੀ ਬਾਣੀ ਅਤੇ ਤਿੰਨ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਅਗਸਤ ਮਹੀਨੇ ਸੰਨ 1604 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਸੰਪੰਨ ਕਰ ਦਿੱਤੀ ਜਿਸ ਵਿੱਚ ਮੁੰਦਾਵਣੀ ਤੱਕ 5751 ਸ਼ਬਦ ਅਤੇ 974 ਅੰਗ ਸਨ। ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਈ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਤਰਤੀਬ ਨਾਲ ਸ਼ਬਦਾਂ ਦੀ ਵੰਡ ਅਤੇ ਗਿਣਤੀ ਦੇ ਕੇ ਲਿਖਿਆ ਤਾ ਕਿ ਕੋਈ ਇਸ ਵਿੱਚ ਤਬਦੀਲੀ ਨਾ ਕਰ ਸਕੇ ਸਾਰੀ ਲਿਖਤ ਤੋਂ ਬਾਅਦ ਭਾਈ ਬੰਨੋ ਜੀ ਨੂੰ ਲਹੋਰ ਗੁਰੂ ਗ੍ਰੰਥ ਸਾਹਿਬ ਦੀ ਜਿਲਦ ਬੰਨਣ ਵਾਸਤੇ ਭੇਜਿਆ ਗਿਆ ਇਸ ਸਮੇਂ ਦੌਰਾਨ ਭਾਈ ਬੰਨੋ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਉਤਾਰਾ ਕਰ ਲਿਆ ਜਿਸ ਨੂੰ ਭਾਈ ਬੰਨੋ ਵਾਲੀ ਬੀੜ ਜਾਂ ਖਾਰੀ ਬੀੜ ਕਰਕੇ ਜਾਣਿਆ ਜਾਦਾ ਹੈ । ੧ ਸਤੰਬਰ ਸੰਨ 1604 ਨੂੰ ਰਾਮਸਰ ਦੇ ਸਥਾਨ ਤੋਂ ਬਾਬਾ ਬੁੱਢਾ ਜੀ ਦੇ ਪਵਿੱਤਰ ਸੀਸ ਤੇ ਰੱਖ ਕੇ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਚੌਰ ਸਾਹਿਬ ਦੀ ਸੇਵਾ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਨਗਰ ਕੀਰਤਨ ਦੇ ਰੂਪ ਵਿੱਚ ਲਿਆਂਦਾ ਗਿਆ ਅਤੇ ਪਹਿਲਾ ਪ੍ਰਕਾਸ਼ ਕੀਤਾ ਗਿਆ। 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਅਤੇ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੁਕਮ ਕੀਤਾ ।
ਬੁੱਢਾ ਸਾਹਿਬ ਖੋਲੋ ਗ੍ਰੰਥ ॥ ਲੇਵੋ ਅਵਾਜ਼ਾਂ ਸੁਣੇ ਸੱਭ ਪੰਥ ॥ ਅਦਬ ਸਹਿਤ ਗ੍ਰੰਥ ਜੋ ਖੋਲਾ ॥ ਲੇ ਅਵਾਜ ਬੁੱਢਾ ਮੁਖ ਬੋਲਾ ॥ ਸੂਹੀ ਮਹਲਾ ੫
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਅੰਗ 783
ਆਦਿ ਸ੍ਰੀ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੇ ਇਹ ਹੁਕਮਨਾਮਾ ਬਾਬਾ ਬੁੱਢਾ ਜੀ ਦੁਆਰਾ ਲਿਆ ਗਿਆ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਕੀਤੀ ਇਹ ਬੀੜ ਅੱਜ ਹਰਿਮੰਦਰ ਸਾਹਿਬ ਵਿਖੇ ਨਹੀਂ ਹੈ, ਕਿੱਥੇ ਗਈ ਸਿੱਖਾਂ ਦੀ ਇਹ ਪਹਿਲੀ ਬੀੜ ? ਤੇ ਕਿਸ ਤਰਾਂ ਇਤਹਾਸ ਵਿੱਚ ਇਸ ਬੀੜ ਦਾ ਨਾਮ ਕਰਤਾਰਪੁਰ ਵਾਲੀ ਬੀੜ ਪੈ ਗਿਆ, ਕੀ ਇਹ ਬੀੜ ਸਿੱਖਾਂ ਕੋਲ ਹੁਣ ਹੈ ਵੀ ਜਾਂ ਨਹੀਂ ? ਪਹਿਲੇ ਪ੍ਰਕਾਸ਼ ਦੇ ਦੋ ਸਾਲ ਬਾਅਦ ਸੰਨ 1606 ਨੂੰ ਗੁਰੂ ਅਰਜਨ ਦੇਵ ਜੀ ਨੂੰ ਲਹੌਰ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਬਣਦੇ ਹਨ ਉਸ ਸਮੇਂ ਵੀ ਇਹ ਬੀੜ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤੀ ਜਾਂਦੀ ਸੀ ਇਸ ਲਈ ਜਿੰਨੇ ਵੀ ਉਸ ਸਮੇਂ ਹੱਥ ਲਿਖਤ ਉਤਾਰੇ ਹੋਏ ਉਹ ਭਾਈ ਬੰਨੋ ਵਾਲੀ ਬੀੜ ਤੋਂ ਹੀ ਹੋਏ ਕਿਉਂਕਿ ਭਾਈ ਗੁਰਦਾਸ ਜੀ ਵੱਲੋਂ ਲਿਖੀ ਬੀੜ ਹਮੇਸ਼ਾ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦੀ ਸੀ ਅਤੇ ਉਤਾਰੇ ਲਈ ਉਪਲੱਬਧਵ (ਪ੍ਰਾਪਤ) ਨਹੀਂ ਸੀ ਹੁੰਦੀ । ਸੰਨ 1634 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਪ੍ਰਵਾਰ ਸਮੇਤ ਕਰਤਾਰਪੁਰ ਆ ਜਾਂਦੇ ਹਨ ਜੋ ਜਲੰਧਰ ਪਾਸ ਹੈ ਅਤੇ ਇਹ ਆਦਿ ਬੀੜ ਸਾਹਿਬ ਵੀ ਆਪਣੇ ਨਾਲ ਲੈ ਆਉਂਦੇ ਹਨ ਇਸ ਤੋਂ ਅਗਲੇ ਸਾਲ ਹੀ ਸੰਨ 1635 ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਚਲੇ ਜਾਦੇ ਹਨ । ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵੱਡਾ ਪਰਿਵਾਰ ਸੀ ਜਿਸ ਵਿੱਚ ਪੰਜ ਸਪੁੱਤਰ ਅਤੇ ਇੱਕ ਸਪੁੱਤਰੀ ਸੀ ਸੱਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿਤਾ ਜੀ ਸਨ ਜਿਹਨਾਂ ਦੇ ਦੋ ਪੁੱਤਰ ਧੀਰ ਮੱਲ ਅਤੇ ਰਰਿ ਰਾਇ ਜੀ ਸਨ, ਧੀਰ ਮੱਲ ਗੁਰੂ ਹਰਿ ਗੋਬਿੰਦ ਸਾਹਿਬ ਦਾ ਵੱਡਾ ਪੋਤਰਾ ਸੀ ਜੋ ਬਚਪਨ ਤੋਂ ਬਹੁਤ ਲਾਲਚੀ ਅਤੇ ਅੜੀਅਲ ਸੁਭਾਅ ਦਾ ਮਾਲਕ ਸੀ ਅਤੇ ਉਸ ਦੀ ਖਾਹਿਸ਼ ਸੀ ਕਿ ਉਹ ਗੁਰੂ ਬਣੇ। ਉਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕੀਰਤਪੁਰ ਸਾਹਿਬ ਨਹੀਂ ਗਿਆ ਸਗੋਂ ਕਰਤਾਰਪੁਰ ਹੀ ਰੁਕਿਆ ਰਿਹਾ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਆਪਣੇ ਪਾਸ ਰੱਖ ਲਈ ਉਸ ਦੇ ਮਨ ਵਿੱਚ ਇਹ ਵਹਿਮ ਸੀ ਕਿ ਜਿਸਦੇ ਕੋਲ ਗੁਰੂ ਅਰਜਨ ਸਾਹਿਬ ਦੁਆਰਾ ਲਿਖਵਾਈ ਗਈ ਆਦਿ ਗ੍ਰੰਥ ਜੀ ਦੀ ਬੀੜ ਹੋਵੇਗੀ ਉਸ ਨੂੰ ਹੀ ਗੁਰੂ ਮੰਨਿਆ ਜਾਵੇਗਾ, ਧੀਰ ਮੱਲ ਏਨਾ ਬੇਈਮਾਨ ਸੀ ਕਿ ਉਹ ਆਪਣੇ ਪਿਤਾ ਬਾਬਾ ਗੁਰਦਿਤਾ ਜੀ ਦੀਆਂ ਅੰਤਿਮ ਰਸਮਾਂ ਤੇ ਵੀ ਕੀਰਤਪੁਰ ਸਾਹਿਬ ਨਹੀਂ ਸੀ ਗਿਆ ਅਤੇ ਕਰਤਾਰਪੁਰ ਸਾਹਿਬ ਹੀ ਰੁਕਿਆ ਰਿਹਾ ਤਾ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਸ ਤੋਂ ਕੋਈ ਨਾ ਲੈ ਲਵੇ । ਸੰਨ 1644 ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਹਨ ਤਾ ਧੀਰ ਮੱਲ ਨੂੰ ਇਹ ਵਿਸ਼ਵਾਸ ਸੀ ਕਿ ਹੁਣ ਗੁਰ ਗੱਦੀ ਉਸ ਕੋਲ ਆਵੇਗੀ ਕਿਉਂਕਿ ਉਹ ਸਮਝਦਾ ਸੀ ਮੈਂ ਵੱਡਾ ਹਾਂ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ ਗੱਦੀ ਆਪਣੇ ਛੋਟੇ ਪੋਤਰੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ (ਧੀਰ ਮੱਲ ਦੇ ਛੋਟੇ ਭਰਾ) ਨੂੰ ਦੇ ਦਿੱਤੀ ਜਿਸ ਨਾਲ ਧੀਰ ਮੱਲ ਹੋਰ ਈਰਖਾ ਨਾਲ ਭਰ ਗਿਆ! ਗੁਰੂ ਹਰਿ ਰਾਇ ਸਾਹਿਬ ਸੱਚ ਖੰਡ ਜਾਣ ਤੋਂ ਪਹਿਲਾਂ ਗੁਰਗੱਦੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦੇ ਗਏ, ਦਿੱਲੀ ਵਿਚ ਸੰਨ 1664 ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖਾਂ ਨੂੰ ਇਹ ਬਚਨ ਕਹੇ:
ਬਾਬਾ ਬਸਹਿ ਜੇ ਗ੍ਰਾਮ ਬਕਾਲੇ ॥
ਬਨਿ ਗੁਰ ਸੰਗਤਿ ਸਕਲ ਸਮਾਲੇ ॥ ਸੂਰਜਪ੍ਰਕਾਸ਼
ਗੁਰੂ ਜੀ ਦੇ ਇਹਨਾ ਬਚਨਾਂ ਨਾਲ ਬਕਾਲਾ ਪਿੰਡ ਵਿੱਚ 22 ਨਕਲੀ ਗੁਰੂ ਬਣ ਕੇ ਬੈਠ ਗਏ, ਜਿਹਨਾਂ ਵਿੱਚ ਧੀਰ ਮੱਲ ਵੀ ਕਰਤਾਰਪੁਰ ਤੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਬਾਬਾ ਬਕਾਲਾ ਪਹੁੰਚ ਗਿਆ ਅਤੇ ਗੁਰੂ ਬਣ ਕੇ ਆਪਣੀ ਮਾਨਤਾ ਕਰਵਾਉਣ ਲੱਗ ਪਿਆ ਇਸੇ ਸਮੇਂ ਦੌਰਾਣ ਬਾਬਾ ਮੱਖਣ ਸ਼ਾਰ ਲੁਬਾਣੇ ਦਾ ਸਮੁੰਦਰੀ ਜਹਾਜ਼ ਤੁਫ਼ਾਨ ਵਿੱਚ ਫਸ ਗਿਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਨ ਨਾਲ ਉਸ ਦਾ ਜਹਾਜ਼ ਤੁਫ਼ਾਨ ਵਿੱਚੋਂ ਨਿਕਲ ਗਿਆ ਅਤੇ ਉਹ ਗੁਰੂ ਦਾ ਸ਼ੁਕਰਾਨਾ ਕਰਣ ਲਈ ਬਾਬਾ ਬਕਾਲਾ ਪਹੁੰਚ ਗਿਆ, 22 ਨਕਲੀ ਗੁਰੂਆਂ ਨੂੰ ਨਮਸਕਾਰ ਕਰਨ ਤੋਂ ਬਾਅਦ ਜਦ ਉਸ ਨੇ ਅਖੀਰ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਮੱਥਾ ਟੇਕਿਆ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਸੱਚੇ ਗੁਰੂ ਹਨ ਅਤੇ ਸਾਰੀ ਸੰਗਤ ਨੂੰ ਦੱਸਿਆ ਕਿ ਸੱਚਾ ਗੁਰੂ ਲਾਧੋ ਰੇ, ਧੀਰ ਮੱਲ ਨੂੰ ਜਦ ਪਤਾ ਲੱਗਾ ਕਿ ਉਸ ਦਾ ਗੁਰੂ ਬਣਨਾ ਦਾ ਇਹ ਮੌਕਾ ਵੀ ਹੱਥੋਂ ਨਿਕਲ਼ ਗਿਆ ਹੈ ਤਾਂ ਉਸਨੇ ਆਪਣੇ ਸਾਥੀ ਸ਼ੀਂਹੇ ਮਸੰਦ ਤੋ ਗੋਲੀ ਚਲਵਾ ਕਿ ਗੁਰੂ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ‘ਜੋ ਅਸਫਲ ਰਹੀ, ਜਦ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ ਧੀਰਮੱਲ ਦੀ ਇਸ ਘਟੀਆ ਕਰਤੂਤ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕਿ ਧੀਰ ਮੱਲ ਅਤੇ ਸ਼ੀਂਹੇ ਮਸੰਦ ਦੀਆਂ ਮੁਸ਼ਕਾ ਬੰਨ ਕੇ ਉਹਨਾਂ ਦੇ ਮਾਲ ਅਸਬਾਬ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਮੇਤ ਗੁਰੂ ਤੇਗ਼ ਬਹਾਦਰ ਜੀ ਸਾਹਮਣੇ ਪੇਸ਼ ਕੀਤਾ ਪਰ ਦਿਆਲੂ ਗੁਰੂ ਜੀ ਨੇ ਸਾਰਾ ਸਮਾਨ ਅਤੇ ਆਦਿ ਗ੍ਰੰਥ ਸਾਹਿਬ ਦੀ ਬੀੜ ਧੀਰ ਮੱਲ ਨੂੰ ਵਾਪਸ ਕਰ ਦਿਤੀ। ਸੰਨ 1665 ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ ਆਪਣੀ ਮਾਤਾ ਦੇ ਨਾਮ ਤੇ ਨਗਰ ਵਸਾਇਆ ਅਤੇ ਬਾਬਾ ਬਕਾਲ਼ਾ ਛੱਡ ਕੇ ਚੱਕ ਨਾਨਕੀ ਆ ਗਏ ਜਿਸਦਾ ਨਾਮ ਬਾਅਦ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਪੈ ਗਿਆ। ਸੰਨ 1675 ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਇੱਕ ਸਾਲ ਬਾਅਦ ਸੰਨ 1676 ਵਿੱਚ ਔਰੰਗਜੇਬ ਦੇ ਕਹਿਣ ਤੇ ਧੀਰ ਮੱਲ ਨੂੰ ਕੈਦ ਕਰ ਲਿਆ ਜਾਂਦਾ ਹੈ ਅਤੇ ਸੰਨ 1677 ਵਿੱਚ ਰਾਜਸਥਾਨ ਰਣਥਮਬੋਰ ਦੇ ਕਿਲ੍ਹੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਸੰਨ 1678 ਵਿੱਚ ਧੀਰ ਮੱਲ ਦੇ ਵੱਡੇ ਪੁੱਤਰ ਰਾਮਚੰਦ ਨੂੰ ਵੀ ਦਿੱਲੀ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਧੀਰ ਮੱਲ ਅਤੇ ਉਸ ਦੇ ਵੱਡੇ ਪੁੱਤਰ ਦੀ ਮੌਤ ਤੋਂ ਬਾਅਦ ਧੀਰ ਮੱਲ ਦਾ ਛੋਟਾ ਪੁੱਤਰ ਜਿਸਦਾ ਨਾਮ ਪਹਾੜ ਮੱਲ ਸੀ ਬਾਬਾ ਬਕਾਲ਼ਾ ਤੋਂ ਆਦਿ ਬੀੜ ਸਾਹਿਬ ਲੈ ਕੇ ਵਾਪਸ ਕਰਤਾਰਪੁਰ ਆ ਜਾਂਦਾ ਹੈ ਇਥੇ ਹੁਣ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਹਨ, ਕੁਝ ਤਾ ਕਹਿੰਦੇ ਹਨ ਕਿ ਆਦਿ ਬੀੜ ਸਾਹਿਬ ਅੱਜ ਵੀ ਧੀਰ ਮੱਲ ਦੇ ਵੰਸ਼ਜਾਂ ਕੋਲ ਕਰਤਾਰਪੁਰ ਮੌਜੂਦ ਹੈ ਪਰ ਕਈਆਂ ਦਾ ਵਿਚਾਰ ਹੈ ਕਿ ਮਿਸਲ ਕਾਲ਼ ਸਮੇਂ ਅਬਦਾਲੀ ਦੇ ਹਮਲਿਆਂ ਵੇਲ਼ੇ ਜਦ ਅਬਦਾਲੀ ਦੇ ਪੁੱਤਰਾਂ ਤੈਮੂਰ ਅਤੇ ਜਹਾਨ ਖਾਨ ਨੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਜਲੰਧਰ ਦੇ ਫੌਜਦਾਰ ਜਿਸ ਦਾ ਨਾਮ ਨਾਸਰ ਅਲੀ ਸੀ ਉਸ ਨੇ ਕਰਤਾਰਪੁਰ ਨੂੰ ਅੱਗ ਲਾ ਦਿੱਤੀ ਸੀ ਜਿਸ ਵਿੱਚ ਇਹ ਸਿੱਖਾਂ ਦਾ ਪਹਿਲਾ ਗ੍ਰੰਥ ਅਗਨ ਭੇਟ ਹੋ ਗਿਆ ਸੀ, ਇਸ ਦਾ ਪਤਾ ਜਦ ਸਿੰਘਾਂ ਨੂੰ ਲੱਗਾ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਨਾਸਰ ਅਲੀ ਨੂੰ ਸੋਧਾ ਲਾਉਣ ਲਈ ਹਮਲਾ ਕਰ ਦਿੱਤਾ ਜਦ ਪਤਾ ਲੱਗਾ ਕਿ ਨਾਸਰ ਅਲੀ ਤਾ ਪਹਿਲਾਂ ਹੀ ਮਰ ਚੁੱਕਾ ਹੈ ਤਾ ਇਤਿਹਾਸ ਵਿੱਚ ਆਉਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਨੇ ਨਾਸਰ ਅਲੀ ਦਾ ਕੰਕਾਲ ਕਬਰ ਵਿੱਚੋਂ ਕੱਢ ਕੇ ਉਸ ਨੂੰ ਰੋਹ ਵਿੱਚ ਆ ਕੇ ਅੱਗ ਵਿੱਚ ਸਾੜ ਦਿੱਤਾ ਸੀ ਜਿਸ ਨੂੰ ਇਸਲਾਮਿਕ ਸ਼ਰਾਂ ਵਿੱਚ ਅਪਵਿੱਤਰ ਅਤੇ ਬਹੁਤ ਵੱਡੀ ਸਜ਼ਾ ਮੰਨਿਆ ਜਾਂਦਾ ਹੈ । ਹੁਣ ਅੱਗੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਹਨ, ਪਹਿਲੀ ਕਿ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਅੱਜ ਵੀ ਧੀਰ ਮੱਲ ਦੇ ਵੰਸ਼ਸ਼ਾਂ ਕੋਲ ਕਰਤਾਰਪੁਰ ਮੌਜੂਦ ਹੈ ਅਤੇ ਦੁਜਾ ਕਿ ਅਬਦਾਲੀ ਦੇ ਹਮਲੇ ਦੁਰਾਨ ਅਗਨ ਭੇਟ ਹੋ ਗਈ , ਇਹ ਬਹੁਤ ਹੀ ਸੰਜੀਦਾ ਮਸਲਾ ਹੈ ਜਿਸ ਉੱਤੇ ਕੋਈ ਵੀ ਆਪਣੀ ਨਿੱਜੀ ਟਿੱਪਣੀ ਨਹੀਂ ਕੀਤੀ ਜਾ ਸਕਦੀ, ਇਸ ਸਮੇਂ ਤੱਕ ਹੀ ਗੁਰੂ ਅਰਜਨ ਦੇਵ ਜੀ ਵਲੋਂ ਲਿਖਵਾਈ ਗਈ ਆਦਿ ਬੀੜ ਸਾਹਿਬ ਦਾ ਵਰਣਨ ਹੈ।
ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਵੱਖ ਵੱਖ ਪੁਰਬ ਮਨਾਉਂਦੀ ਹੈ
- ਪਹਿਲਾ ਪ੍ਰਕਾਸ਼ :— ਗੁਰੂ ਅਰਜਨ ਦੇਵ ਜੀ ਨੇ ਜਦ ਸੰਪਾਦਨਾਂ ਤੋਂ ਬਾਅਦ 1 ਸਤੰਬਰ ਸੰਨ 1604 ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਸ੍ਰੀ ਹਰਿਮੰਦਰਿ ਸਾਹਿਬ ਪਹਿਲੀ ਵਾਰ ਪ੍ਰਕਾਸ਼ ਕੀਤਾ।
- ਸੰਪੂਰਨਤਾ ਦਿਵਸ :— ਗੁਰੂ ਗੋਬਿੰਦ ਸਿੰਘ ਜੀ ਨੇ ਜਦ ਸੰਨ 1706 ਵਿੱਚਦਮਦਮਾਸਾਹਿਬਗੁਰੂਤੇਗ਼ਬਹਾਦਰਜੀਦੀਬਾਣੀਦਰਜਕਰਕੇਗੁਰੂਗ੍ਰੰਥਸਾਹਿਬਦੀਸੰਪੂਰਨਤਾਕੀਤੀ।
- ਗੁਰਗੱਦੀ ਦਿਵਸ :— ਸੰਨ 1708 ਵਿੱਚ ਹਜ਼ੂਰ ਸਾਹਿਬ ਨਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਖੰਡ ਜਾਣ ਤੋਂ ਪਹਿਲਾਂ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਕੇ ਸ਼ਬਦ ਗੁਰੂ ਨੂੰ ਗੁਰਗੱਦੀ ਬਖਸ਼ ਦਿੱਤੀ ।
ਹੁਣ ਦੂਸਰੀ ਬੀੜ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1706 ਵਿੱਚ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਪਾਸੋਂ ਲਿਖਵਾਈ ਸੀ ਜਿਸ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦੇ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸਲੋਕ ਅਤੇ ਇਨਾਂ ਵਿੱਚ ਇਕ ਨਵਾਂ ਰਾਗ ਜੈਜਾਵੰਤੀ ਜੋ ਗੁਰੂ ਤੇਗ਼ ਬਹਾਦਰ ਜੀ ਵਲੋਂ ਉਚਾਰਿਆ ਗਿਆ ਦਰਜ ਹਨ। ਜਿਸ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਗਿਣਤੀ 31 ਹੋ ਗਈ ਅਤੇ ਕੁਲ ਅੰਗ 1430 ਹਨ ਇਸੇ ਬੀੜ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਚਾਰ ਹੱਥ ਲਿਖਤ ਉਤਾਰੇ ਕੀਤੇ ਜੋ ਸ਼੍ਰੀ ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕੀਤੇ ਗਏ, ਇਸ ਬੀੜ ਦਾ ਨਾਮ ਦਮਦਮੀ ਬੀੜ ਪੈ ਗਿਆ ਅਤੇ ਚੌਥਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਹਜ਼ੂਰ ਸਾਹਿਬ ਨਦੇੜ ਲੈ ਗਏ ਇਸੇ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੱਥਾ ਟੇਕ ਕੇ ਸੰਨ 1708 ਨੂੰ ਗੁਰਿਆਈ ਦਿਤੀ ਅੱਜ ਦੇ ਸਮੇਂ ਵਿੱਚ ਦੁਨੀਆਂ ਭਰ ਦੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਇਸੇ ਦਮਦਮੀ ਬੀੜ ਸਾਹਿਬ ਦੇ ਹੀ ਪ੍ਰਕਾਸ਼ ਹਨ, ਜਿਸ ਬੀੜ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਿੱਤੀ ਸੀ ਉਹ ਵੀ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਨੂੰ ਨਹੀਂ ਮਿਲੀ, ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚਖੰਡ ਜਾਣ ਲੱਗੇ ਤਾਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਵੈਰਾਗ ਵਿੱਚ ਪੁੱਛਿਆ ਕੇ ਗੁਰੂ ਜੀ ਹੁਣ ਅਸੀਂ ਜੀਵਨ ਸੇਧ ਕਿੱਥੋਂ ਲਵਾਂਗੇ, ਆਪਣੇ ਦੁਖੜੇ ਕਿਸ ਨੂੰ ਦੱਸਾਂਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਉਹ ਗੁਰੂ ਦੇ ਕਿ ਜਾਵਾਗਾਂ ਜਿਸ ਦਾ ਕਦੀ ਜੋਤੀ ਜੋਤ ਦਿਵਸ ਨਹੀਂ ਆਵੇਗਾ ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ ਅੰਗ 982
– ਤਰਲੋਚਨ ਸਿੰਘ ਮੁਲਤਾਨੀ