ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਦੇ ਪਲੇਠੇ ਭਾਵ ਪਹਿਲੇ ਜਾਂ ਸਭ ਤੋਂ ਵੱਡੇ ਸਪੁੱਤਰ ਸਨ। ਉਨ੍ਹਾਂ ਦਾ ਮੁਬਾਰਕ ਜਨਮ 29 ਮਾਘ 1743 ਬਿਕਰਮੀ (ਮੁਤਾਬਕ 1686 ਈ.) ਨੂੰ ਮਾਤਾ ਸੁੰਦਰੀ ਜੀ ਦੀ ਕੁੱਖੋਂ ਪਾਉਂਟਾ ਸਾਹਿਬ ਵਿਖੇ ਹੋਇਆ ਸੀ। ਉਹ ਦੀਨ-ਦੁਨੀ ਦੇ ‘ਸੱਚੇ ਪਾਤਸ਼ਾਹ’ ਦੇ ਸੁੱਚੇ ਤੇ ਸੂਰਬੀਰ ਸਪੁੱਤਰ ਸਨ। ਇਸ ਲਈ ਉਨ੍ਹਾਂ ਦੀ ਉਮੱਤ ਉਨ੍ਹਾਂ ਨੂੰ ਮੁੱਢੋਂ ਹੀ ਅਤੀ ਪਿਆਰ ਤੇ ਸਤਿਕਾਰ ਸਹਿਤ ਸਾਹਿਬਜ਼ਾਦਾ ਦੇ ਆਦਰ-ਸ਼ਹੂਕ ਲਕਬ ਨਾਲ ਚਿਤਾਰਦੀ ਤੇ ਸਨਮਾਨਦੀ ਰਹੀ ਹੈ।
ਸਾਹਿਬਜ਼ਾਦਾ ਅਜੀਤ ਸਿੰਘ, ਇਸ ਤੋਂ ਇਲਾਵਾ, ਇਕ ਅਤਿ ਵਿਸ਼ੇਸ਼ ਤੇ ਮਹਾਨ ਵਿਰਸੇ ਦੇ ਵੀ ਵਾਰਸ ਸਨ। ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਕੜਪੋਤੇ, ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਅਤੇ ਲਾਸਾਨੀ ਬਲੀਦਾਨੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹੋਣ ਦਾ ਅਦੁੱਤੀ ਮਾਣ ਤੇ ਸਥਾਨ ਵੀ ਪ੍ਰਾਪਤ ਸੀ। ਇਸੇ ਲਈ ਉੱਚ-ਕੋਟੀ ਦੀ ਸੁੱਚਤਾ, ਸੁਚੱਜਤਾ, ਸੂਰਬੀਰਤਾ ਤੇ ਬਲੀਦਾਨਤਾ ਆਦਿ ਦੀ ਭਰਵੀਂ ਅੰਸ਼ ਉਨ੍ਹਾਂ ਦੇ ਰਗ-ਰੇਸ਼ੇ ਵਿਚ ਮੂਲੋਂ ਹੀ ਰਚੀ ਹੋਈ ਸੀ ਅਤੇ ਨਾਲੇ ਉਹ ਆਪਣੀ ਮਹਾਨ ਦਾਦੀ, ਮਾਤਾ ਗੁਜਰੀ ਜੀ ਦੀ ਗੋਦ ਵਿਚ ਖੇਡ ਕੇ ਵੱਡੇ ਹੋਏ ਸਨ। ਉਨ੍ਹਾਂ ਨੇ ਆਪਣੇ ਪਾਵਨ ਪੁਰਖਿਆਂ ਤੇ ਪਿਤਾਮਿਆਂ ਦੇ ਹੇਠ ਲਿਖੇ ਸਿਧਾਂਤਕ ਵਾਕ ਵੀ ਉਨ੍ਹਾਂ ਤੋਂ ਕਈ ਵਾਰ ਸੁਣੇ ਤੇ ਸਮਝੇ ਹੋਣਗੇ:
– ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥(ਪੰਨਾ 1412)
– ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (ਪੰਨਾ 1427)
ਉਨ੍ਹਾਂ ਨੇ ਆਪਣੇ ‘ਕਾਦਰੇ ਹਰਕਾਰ’ ਤੇ ਖਾਲਸੇ ਦੇ ਸਾਜਨਹਾਰ ਗੁਰੂ-ਪਿਤਾ ਦੇ ਮੁਖਾਰਬਿੰਦ ਤੋਂ ਵੀ ਉਹ ਬੇਮਿਸਾਲ ਵਰ, ਉਹ ਬੇਜੋੜ ਪ੍ਰਤਿੱਗਿਆ ਤੇ ਪ੍ਰਾਰਥਨਾ ਵੀ ਕਈ ਵਾਰ ਸੁਣੀ-ਸਮਝੀ ਹੋਵੇਗੀ, ਜੋ ਉਨ੍ਹਾਂ ਨੇ ਭਰਵੇਂ ਸਿਦਕ ਤੇ ਭਰਪੂਰ ਸ਼ਰਧਾ ਨਾਲ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਇਉਂ ਉਚਾਰੀ ਹੋਈ ਸੀ:
…ਨਾ ਡਰੋ ਅਰਿ ਸੋ ਜਬ ਜਾਇ ਲਰੋ,
ਨਿਸਚੈ ਕਰਿ ਅਪੁਨੀ ਜੀਤ ਕਰੋਂ।…
ਜਬ ਆਵ ਕੀ ਅਉਧ ਨਿਦਾਨ ਬਨੈ,
ਅਤਿ ਹੀ ਰਨ ਮੇਂ ਤਬ ਜੂਝ ਮਰੋਂ। (ਚੰਡੀ ਚਰਿਤ੍ਰ, ਪਦ ਨੰ: 17)
ਇਸ ਅਦੁੱਤੀ ਸੰਬੋਧਨ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਹੀ ਭਗਤੀ, ਸ਼ਕਤੀ ਤੇ ਨੇਕ ਚਲਨੀ; ਸਵੈ-ਮਾਨ, ਸਵੈ-ਵਿਸ਼ਵਾਸ ਤੇ ਸਵੈ-ਤਿਆਗ; ਨਿਰਭੈਤਾ, ਨਿਰਵੈਰਤਾ ਤੇ ਦ੍ਰਿੜ੍ਹਤਾ: ਪਰਉਪਕਾਰਤਾ ਅਤੇ ਬਲੀਦਾਨਤਾ ਆਦਿ ਨਾਲ ਓਤਪੋਤ ਚੜ੍ਹਦੀ-ਕਲਾ ਵਾਲੇ ਜਜਬੇ ਦੇ ਜਲਵੇ ਵੀ ਉਨ੍ਹਾਂ ਆਪਣੇ ਅੱਖੀਂ ਕਈ ਵਾਰ ਵੇਖੇ ਹੋਣਗੇ। ਉਨ੍ਹਾਂ ਨੇ ਤਾਂਉਸ ਦੇ ਕ੍ਰਾਂਤੀਕਾਰੀ ਤੇ ਲੋਕ-ਹਿਤਕਾਰੀ ਅੰਸ਼ ਵੀ ਆਪਣੇ ਹਿਰਦੇ ਦੀਆਂ ਧੁਰ ਡੂੰਘਾਈਆਂ ਵਿਚ ਸਮੋ ਲਏ ਹੋਣਗੇ। ਤਦੇ ਤਾਂ ਜਦੋਂ ਸੰਨ 1704 ਈ. ਦੀਆਂ ਭਰ ਸਰਦੀਆਂ ਵਿਚ, ਅਨਿਆਂ ਤੇ ਅਤਿਆਚਾਰ ਨਾਲ ਆਖ਼ਰੀ ਟੱਕਰ ਲੈਣ ਦਾ ਸਮਾਂ ਆਇਆ ਅਤੇ ਜਦੋਂ “ਅਤਿ ਹੀ ਰਨ ਮੇਂ ਤਬ ਜੂਝ ਮਰੋਂ” ਦੀ ਵੰਗਾਰ ਪਈ ਤਾਂ ਉਹ ਜ਼ਰਾ ਨਹੀਂ ਝਿਜਕੇ; ਜ਼ਰਾ ਨਹੀਂ ਅਟਕੇ; ਅਤੇ ਦੇਸ਼, ਕੌਮ ਤੇ ਮਨੱੁਖਤਾ ਵਾਸਤੇ ਆਪਣਾ ਫ਼ਰਜ਼ ਨਿਭਾਉਣ ਲਈ ਰਣਭੂਮੀ ਵਿਚ ਜਾ ਨਿੱਤਰੇ ਸਨ।…
— ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ -ਪੰਨਾ ਨੂੰ: 13 – (ਗੁਰਮਤਿ ਪ੍ਰਕਾਸ਼ ਫਰਵਰੀ 2010) —
— ਲੇਖਕ ਡਾ. ਹਰਨਾਮ ਸਿੰਘ ਸ਼ਾਨ —